ENG vs IND : ਜੁਰਮਾਨੇ ਤੇ ਉਮਰ ਭਰ ਬੈਨ ਦੇ ਬਾਅਦ ਫਿਰ ਮੈਦਾਨ ''ਤੇ ਦਾਖ਼ਲ ਹੋਇਆ ''ਜਾਰਵੋ 69''

09/03/2021 6:07:51 PM

ਸਪੋਰਟਸ ਡੈਸਕ- ਇੰਗਲੈਂਡ ਤੇ ਭਾਰਤ ਦਰਮਿਆਨ ਪੰਜ ਮੈਚਂ ਦੀ ਸੀਰੀਜ਼ ਦਾ ਚੌਥਾ ਮੈਚ ਲੰਡਨ ਦੇ ਕੇਨਿੰਗਟਨ ਓਵਲ 'ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਇਕ ਵਾਰ ਫਿਰ ਯੂਟਿਊਬਰ ਡੈਨੀਅਲ ਜਾਰਵਿਸ 'ਜਾਰਵੋ 69' ਮੈਦਾਨ 'ਤੇ ਦਾਖ਼ਲ ਹੋ ਗਿਆ ਤੇ ਇਸ ਵਾਰ ਉਹ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 

ਦੂਜੇ ਦਿਨ ਇੰਗਲੈਂਡ ਦੀ ਬੱਲੇਬਾਜ਼ੀ ਦੇ ਦੌਰਾਨ ਓਲੀ ਪੋਪ ਤੇ ਜੌਨੀ ਬੇਅਰਸਟੋ ਕ੍ਰੀਜ਼ 'ਤੇ ਸਨ ਜਦਕਿ ਭਾਰਤ ਵਲੋਂ ਉਮੇਸ਼ ਯਾਦਵ ਗੇਂਦਬਾਜ਼ੀ ਕਰ ਰਹੇ ਸਨ ਤੇ 33ਵਾਂ ਓਵਰ ਚਲ ਰਿਹਾ ਸੀ। ਇਸੇ ਦੌਰਾਨ 'ਜਾਰਵੋ 69' ਸਕਿਓਰਿਟੀ ਨੂੰ ਚਕਮਾ ਦੇ ਕੇ ਇਕ ਵਾਰ ਫਿਰ ਤੋਂ ਮੈਦਾਨ 'ਤੇ ਦਾਖ਼ਲ ਹੋ ਗਿਆ ਤੇ ਗੇਂਦਬਾਜ਼ੀ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਮੈਚ ਨੂੰ ਕੁਝ ਦੇਰ ਲਈ ਰੋਕਣਾ ਪਿਆ ਤੇ ਸਕਿਓਰਿਟੀ ਗਾਰਡਸ ਨੇ ਉਸ ਨੂੰ ਮੈਦਾਨ ਤੋਂ ਬਾਹਰ ਕੀਤਾ।

'ਜਾਰਵੋ 69' ਇੰਗਲੈਂਡ ਤੇ ਭਾਰਤ ਦਰਮਿਆਨ ਤੀਜੇ ਟੈਸਟ ਮੈਚ ਦੇ ਦੌਰਾਨ ਵੀ ਮੈਦਾਨ 'ਤੇ ਦਾਖਲ ਹੋ ਗਿਆ ਸੀ ਤੇ ਬੱਲੇਬਾਜ਼ੀ ਦੀ ਜ਼ਿਦ ਕਰਨ ਲੱਗਾ ਸੀ। ਹਾਲਾਂਕਿ ਦੂਜੀ ਵਾਰ ਉਸ ਨੇ ਅਜਿਹਾ ਕੀਤਾ ਤਾਂ ਉਸ 'ਤੇ ਕਾਰਵਾਈ ਕਰਦੇ ਹੋਏ ਜੁਰਮਾਨਾ ਤੇ ਸਾਰੀ ਉਮਰ ਲਈ ਪਾਬੰਦੀ ਲਗਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਇਕ ਵਾਰ ਫਿਰ ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਤੇ ਆ ਗਿਆ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਪਹਿਲੇ ਦਿਨ 191 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਹਾਲਾਂਕਿ ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਦਿਖਾਉਂਦੇ ਹੋਏ ਇੰਗਲੈਂਡ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ 54 ਦੌੜਾਂ 'ਤੇ ਤਿੰਨ ਵਿਕਟਾਂ ਉਡਾ ਦਿੱਤੀਆਂ ਜਿਸ 'ਚ ਕਪਤਾਨ ਜੋ ਰੂਟ ਦਾ ਵਿਕਟ ਵੀ ਸ਼ਾਮਲ ਹੈ। ਚੌਥੇ ਟੈਸਟ ਦੇ ਦੂਜੇ ਦਿਨ ਵੀ ਭਾਰਤੀ ਗੇਂਦਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ ਪਰ ਓਲੀ ਪੋਪ ਤੇ ਜੌਨੀ ਬੇਅਰਸਟੋ ਨੇ ਪਾਸਾ ਹੀ ਪਲਟ ਦਿੱਤਾ। ਖ਼ਬਰ ਲਿਖੇ ਜਾਣ ਤਕ ਟੀਮ ਨੇ 5 ਵਿਕਟਾਂ ਗੁਆ ਕੇ 129 ਦੌੜਾਂ ਬਣਾ ਲਈਆਂ ਹਨ।

Tarsem Singh

This news is Content Editor Tarsem Singh