ਹਰਿਆਣਾ ''ਚ ਖਿਡਾਰੀਆਂ ਤੋਂ ਕਮਾਈ ''ਤੇ ਮੰਗਿਆ ਹਿੱਸਾ, ਮੁੱਖ ਮੰਤਰੀ ਨੇ ਲਾਈ ਰੋਕ

06/08/2018 11:39:53 PM

ਚੰਡੀਗੜ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੂਬੇ 'ਚ ਸਰਕਾਰੀ ਨੌਕਰੀ ਕਰ ਰਹੇ ਖਿਡਾਰੀਆਂ ਨੂੰ ਆਪਣੀ ਵਾਧੂ ਕਮਾਈ ਦਾ ਇਕ-ਤਿਹਾਈ ਹਿੱਸਾ ਖੇਡ ਫੰਡ 'ਚ ਜਮ੍ਹਾ ਕਰਾਉਣ ਸਬੰਧੀ ਖੇਡ ਵਿਭਾਗ ਦੀ ਪਿਛਲੀ 30 ਅਪ੍ਰੈਲ ਦੇ ਨੋਟੀਫਿਕੇਸ਼ਨ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ।
ਖੱਟੜ ਨੇ ਖੇਡ ਮੰਤਰੀ ਅਨਿਲ ਵਿਜ ਦੇ ਬਿਆਨ ਤੇ ਮੀਡੀਆ 'ਚ ਉਕਤ ਨੋਟੀਫਿਕੇਸ਼ਨ ਨੂੰ ਲੈ ਕੇ ਪ੍ਰਸਾਰਿਤ ਖਬਰਾਂ ਦਾ ਤੁਰੰਤ ਨੋਟਿਸ ਲੈਂਦਿਆਂ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਟਵੀਟ ਵਿਚ ਕਿਹਾ, ''ਮੈਂ ਖੇਡ ਵਿਭਾਗ ਦੇ ਉਕਤ ਨੋਟੀਫਿਕੇਸ਼ਨ ਸਬੰਧੀ ਫਾਈਲ ਮੰਗਵਾ ਲਈ ਹੈ ਤੇ ਅਗਲੇ ਆਦੇਸ਼ ਤਕ ਇਸ ਦੇ ਅਮਲ 'ਤੇ ਰੋਕ ਰਹੇਗੀ। ਮੈਨੂੰ ਆਪਣੇ ਖਿਡਾਰੀਆਂ ਦੇ ਯੋਗਦਾਨ 'ਤੇ ਬੇਹੱਦ ਮਾਣ ਹੈ ਤੇ ਉਹ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਰ ਮੁੱਦੇ 'ਤੇ ਵਿਚਾਰ ਕਰਨ ਦਾ ਭਰੋਸਾ ਦਿੰਦੇ ਹਨ।''
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੇਡ ਮੰਤਰੀ ਅਨਿਲ ਵਿਜ ਨੇ ਅੱਜ ਇਥੇ ਉਕਤ ਨੋਟੀਫਿਕੇਸ਼ਨ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਨਿਯਮ-56 ਅਨੁਸਾਰ ਜੇਕਰ ਕੋਈ ਸਰਕਾਰੀ ਕਰਮਚਾਰੀ ਨੌਕਰੀ ਵਿਚ ਰਹਿੰਦਿਆਂ ਵਪਾਰਕ ਕੰਮਾਂ ਤੋਂ ਕੋਈ ਕਮਾਈ ਕਰਦਾ ਹੈ ਤਾਂ ਉਸ ਦਾ ਇਕ-ਤਿਹਾਈ ਹਿੱਸਾ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਉਣਾ ਪੈਂਦਾ ਹੈ।