2014 ਭਾਰਤ ਦੌਰਾ ਵਿਚਾਲੇ ਛੱਡਣ ''ਤੇ ਡਵੇਨ ਬ੍ਰਾਵੋ ਨੇ ਕੀਤਾ ਵੱਡਾ ਖੁਲਾਸਾ

11/17/2018 4:21:41 PM

ਨਵੀਂ ਦਿੱਲੀ— ਹਾਲ ਹੀ 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਕੈਰੇਬੀਆਈ ਕ੍ਰਿਕਟਰ ਡਵੇਨ ਬ੍ਰਾਵੋ ਨੇ ਸਾਲ 2014 'ਚ ਭਾਰਤ ਦੌਰੇ ਨੂੰ ਅਧੂਰਾ ਛੱਡਣ ਵਾਲੀ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਫੈਸਲੇ ਦੇ ਬਾਅਦ ਪੂਰੀ ਟੀਮ ਹੀ ਜ਼ਿੰਦਗੀ ਭਰ ਲਈ ਬੈਨ ਹੋ ਸਕਦੀ ਸੀ। ਬ੍ਰਾਵੋ ਨੇ ਕਿਹਾ ਕਿ 2014 'ਚ ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਨਾਲ ਕਰਾਰ ਵਿਵਾਦ ਦੇ ਕਾਰਨ ਜਦੋਂ ਉਨ੍ਹਾਂ ਦੇ ਖਿਡਾਰੀਆਂ ਨੇ ਭਾਰਤ 'ਚ ਵਨ ਡੇ ਸੀਰੀਜ਼ ਨਾ ਖੇਡਣ ਦੀ ਧਮਕੀ ਦੇ ਦਿੱਤੀ ਸੀ ਤਾਂ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਸੀ।

ਉਨ੍ਹਾਂ ਕਿਹਾ ਕਿ ਉਸ ਸਮੇਂ ਬੀ.ਸੀ.ਸੀ.ਆਈ. ਦੇ ਪ੍ਰਧਾਨ ਰਹੇ ਐੱਨ. ਸ਼੍ਰੀਨਿਵਾਸਨ ਨੇ ਉਨ੍ਹਾਂ ਦੀ ਟੀਮ ਨੂੰ ਪਹਿਲਾ ਵਨ ਡੇ ਖੇਡਣ ਲਈ ਮਨਾਇਆ ਸੀ। ਇਸ ਤੋਂ ਬਾਅਦ ਧਰਮਸ਼ਾਲਾ 'ਚ ਚੌਥੇ ਵਨ ਡੇ ਦੇ ਵਿਚਾਲੇ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਬੀ.ਸੀ.ਸੀ.ਆਈ. ਨੂੰ ਦੱਸਿਆ ਕਿ ਖਿਡਾਰੀਆਂ ਨਾਲ ਕਰਾਰ ਸਬੰਧੀ ਵਿਵਾਦ ਦੇ ਕਾਰਨ ਉਨ੍ਹਾਂ ਨੇ ਦੌਰੇ ਦਾ ਬਾਕੀ ਹਿੱਸਾ ਰੱਦ ਕਰਨ ਦਾ ਫੈਸਲਾ ਕੀਤਾ ਹੈ। ਬ੍ਰਾਵੋ ਨੇ ਕਿਹਾ ਕਿ ਬੀ.ਸੀ.ਸੀ.ਆਈੇ. ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ। ਉਨ੍ਹਾਂ ਕਿਹਾ, ''ਉਹ ਸਾਡੀ ਗੱਲ ਸਮਝੇ ਅਤੇ ਉਨ੍ਹਾਂ ਦਾ ਰੁਖ਼ ਸਹਿਯੋਗ ਵਾਲਾ ਸੀ। ਉਨ੍ਹਾਂ ਸਾਨੂੰ ਨੁਕਸਾਨ ਦੀ ਭਰਪਾਈ ਦੀ ਵੀ ਪੇਸ਼ਕਸ਼ ਕੀਤੀ। ਅਸੀਂ ਨਹੀਂ ਚਾਹੁੰਦੇ ਸੀ ਕਿ ਬੀ.ਸੀ.ਸੀ.ਆਈ. ਸਾਨੂੰ ਭੁਗਤਾਨ ਕਰੇ। ਅਸੀਂ ਚਾਹੁੰਦੇ ਸੀ ਕਿ ਸਾਡਾ ਬੋਰਡ ਇਸ ਦਾ ਹੱਲ ਕੱਢੇ।

ਅਕਤੂਬਰ 'ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਬ੍ਰਾਵੋ ਨੇ ਕਿਹਾ, ''ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਪਹਿਲਾ ਮੈਚ ਵੀ ਨਹੀਂ ਖੇਡਣ ਵਾਲੇ ਸੀ। ਸਵੇਰੇ ਤਿੰਨ ਵਜੇ ਮੈਨੂੰ ਬੀ.ਸੀ.ਸੀ.ਆਈ. ਦੇ ਉਸ ਸਮੇਂ ਦੇ ਪ੍ਰਧਾਨ ਸ਼੍ਰੀਨਿਵਾਸਨ ਦਾ ਸੰਦੇਸ਼ ਆਇਆ ਕਿ 'ਪਲੀਜ਼ ਮੈਦਾਨ 'ਤੇ ਆਉਣਾ'। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਦੀ ਗੱਲ ਸੁਣੀ ਅਤੇ 6 ਵਜੇ ਟੀਮ ਨੂੰ ਕਿਹਾ ਕਿ ਸਾਨੂੰ ਖੇਡਣਾ ਹੋਵੇਗਾ। ਕੋਈ ਵੀ ਖੇਡਣਾ ਨਹੀਂ ਚਾਹੁੰਦਾ ਸੀ। ਸਾਰਿਆਂ ਨੂੰ ਲੱਗਾ ਕਿ ਮੈਂ ਡਰ ਗਿਆ ਹਾਂ ਪਰ ਅਸੀਂ ਸਾਮੂਹਿਕ ਤੌਰ 'ਤੇ ਖੇਡਣ ਦਾ ਫੈਸਲਾ ਕੀਤਾ ।''

Tarsem Singh

This news is Content Editor Tarsem Singh