ਸਟੀਵ ਸਮਿਥ ਦੀ ਕਮੀ ਮਹਿਸੂਸ ਹੋਈ : ਫਿੰਚ

10/09/2017 2:11:07 AM

ਰਾਂਚੀ— ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਨੇ ਮੰਨਿਆ ਕਿ ਉਸਦੀ ਟੀਮ ਨੂੰ ਨਿਯਮਤ ਕਪਤਾਨ ਸਟੀਵ ਸਮਿਥ ਦੀ ਕਮੀ ਭਾਰਤ ਵਿਰੁੱਧ ਪਹਿਲੇ ਟੀ-20 ਮੈਚ ਦੌਰਾਨ ਮਹਿਸੂਸ ਹੋਈ। ਫਿੰਚ ਨੇ ਮੈਚ ਤੋਂ ਬਾਅਦ ਕਿਹਾ ਕਿ ਚੰਗਾ ਹੁੰਦਾ ਕਿ ਸਮਿਥ ਵੀ ਮੈਚ ਦੌਰਾਨ ਮੈਦਾਨ ਵਿਚ ਮੌਜੂਦ ਰਹਿੰਦਾ, ਕਿਉਂਕਿ ਉਸਦੀ ਖੇਡ ਅਜਿਹੇ ਹਾਲਾਤ ਵਿਚ ਨਿਖਰ ਕੇ ਸਾਹਮਣੇ ਆਉਂਦੀ ਹੈ ਤੇ ਇਨ੍ਹਾਂ ਕਾਰਨਾਂ ਤੋਂ ਹੀ ਤਿੰਨੇ ਸਵਰੂਪਾਂ ਦਾ ਕਪਤਾਨ ਹੈ।
ਉਸ ਨੇ ਕਿਹਾ ਕਿ ਉਸਦੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ ਸੀ ਪਰ ਮੈਚ ਦੌਰਾਨ ਵਿਚਾਲੇ ਦੇ ਓਵਰਾਂ ਵਿਚ ਟੀਮ ਆਪਣੇ ਟੀਚੇ ਤੋਂ ਭਟਕ ਗਈ। ਉਸ ਨੇ ਇਹ ਵੀ ਮੰਨਿਆ ਕਿ ਰਾਂਚੀ ਦੀ ਵਿਕਟ ਚੁਣੌਤੀਆਂ ਨਾਲ ਭਰੀ ਹੋਈ ਸੀ। ਉਸ ਨੇ ਕਿਹਾ ਕਿ ਰਾਂਚੀ ਦੇ ਮੈਦਾਨ ਦਾ ਇਤਿਹਾਸ ਦੇਖਿਆ ਜਾਵੇ ਤਾਂ 150 ਦੌੜਾਂ ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ ਹੈ ਤੇ ਉਸਦੀ ਟੀਮ ਦੀ ਕੋਸ਼ਿਸ਼ ਇੱਥੋਂ ਤਕ ਪਹੁੰਚਣ ਦੀ ਸੀ।
ਉਸ ਨੇ ਮੰਨਿਆ ਕਿ ਉਸਦੀ ਟੀਮ ਨੇ ਥੋੜ੍ਹਾ ਜ਼ਿਆਦਾ ਹਮਲਾਵਰ ਰੁਖ ਅਪਣਾਇਆ ਪਰ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਫਿੰਚ ਨੇ ਕਿਹਾ ਕਿ ਟੀ-20 'ਚ ਬਹੁਤ ਜ਼ਿਆਦਾ ਸਮਾਂ ਨਹੀਂ ਹੁੰਦਾ ਹੈ ਕਿ ਬੱਲੇਬਾਜ਼ 10-12 ਓਵਰਾਂ ਤਕ ਪਿਚ ਦਾ ਮੁਲਾਂਕਣ ਕਰ ਸਕਣ ਤੇ ਕੋਈ ਵੀ ਫੈਸਲਾ ਦੋ-ਤਿੰਨ ਗੇਂਦਾਂ ਤੋਂ ਬਾਅਦ ਜਾਂ ਕੁਝ ਸੈਕੰਡ ਵਿਚ ਲੈਣਾ ਪੈਂਦਾ ਹੈ। ਫਿੰਚ ਨੇ ਭਾਰਤੀ ਗੇਂਦਬਾਜ਼ਾਂ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਰਤੀ ਗੇਂਦਬਾਜ਼ਾਂ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ,ਜਿਸ ਦੀ ਵਜ੍ਹਾ ਨਾਲ ਆਸਟ੍ਰੇਲੀਆਈ ਵਿਕਟਾਂ ਲਗਾਤਾਰ ਫਰਕ ਨਾਲ ਡਿੱਗਦੀਆਂ ਰਹੀਆਂ।