ਡਬਲ ਟ੍ਰੈਪ ਨੂੰ ਓਲੰਪਿਕ ''ਚ ਬਣੇ ਰਹਿਣਾ ਚਾਹੀਦਾ : ਅੰਕੁਰ ਮਿੱਤਲ

10/09/2017 3:25:05 AM

ਨਵੀਂ ਦਿੱਲੀ— ਵਿਸ਼ਵ ਦੇ ਨੰਬਰ ਇਕ ਡਬਲ ਟ੍ਰੈਪ ਨਿਸ਼ਾਨੇਬਾਜ਼ ਭਾਰਤ ਦੇ ਅੰਕੁਰ ਮਿੱਤਲ ਦਾ ਕਹਿਣਾ ਹੈ ਕਿ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੂੰ ਡਬਲ ਟ੍ਰੈਪ ਪ੍ਰਤੀਯੋਗਿਤਾ ਨੂੰ ਓਲੰਪਿਕ ਤੋਂ ਬਾਹਰ ਕਰਨ ਦੇ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਤੇ ਇਸ ਨੂੰ ਓਲੰਪਿਕ ਵਿਚ ਬਰਕਰਾਰ ਰੱਖਣਾ ਚਾਹੀਦਾ ਹੈ।
ਡਬਲ ਟ੍ਰੈਪ ਵਿਚ ਵਿਸ਼ਵ ਰੈਂਕਿੰਗ 'ਚ ਨੰਬਰ ਇਕ ਪੁਜ਼ੀਸ਼ਨ 'ਤੇ ਪਹੁੰਚਣ ਵਾਲੇ ਦੂਜੇ ਭਾਰਤੀ ਨਿਸ਼ਾਨੇਬਾਜ਼ ਬਣੇ ਮਿੱਤਲ ਨੇ ਕਿਹਾ ਕਿ ਆਈ. ਓ. ਸੀ. ਦਾ ਇਹ ਫੈਸਲਾ ਭਾਰਤ ਦੇ ਹਿੱਤ ਵਿਚ ਨਹੀਂ ਹੈ। ਭਾਰਤ ਹਮੇਸ਼ਾ ਡਬਲ ਟ੍ਰੈਪ ਵਿਚ ਚੰਗਾ ਪ੍ਰਦਰਸ਼ਨ ਕਰਦਾ ਆਇਆ ਹੈ। ਇਸ ਨੂੰ ਹਟਾਉਣ ਨਾਲ ਭਾਰਤ ਨੂੰ ਓਲੰਪਿਕ ਵਿਚ ਨੁਕਸਾਨ ਹੋਵੇਗਾ।
ਮਿੱਤਲ ਡਬਲ ਟ੍ਰੈਪ ਰੈਂਕਿੰਗ ਵਿਚ ਰੋਂਜਨ ਸੋਢੀ ਤੋਂ ਬਾਅਦ ਨੰਬਰ ਇਕ ਬਣਨ ਵਾਲਾ ਦੂਜਾ ਭਾਰਤੀ ਨਿਸ਼ਾਨੇਬਾਜ਼ ਬਣਿਆ ਹੈ। ਉਸਦੀ ਇਸ ਪ੍ਰਾਪਤੀ ਲਈ ਮਾਨਵ ਰਚਨਾ ਇੰਟਰਨੈਸ਼ਨਲ ਯੂਨੀਵਰਸਿਟੀ ਨੇ ਉਸ ਨੂੰ ਸਨਮਾਨਿਤ ਕੀਤਾ ਸੀ, ਜਿੱਥੇ ਉਹ ਐੱਮ. ਬੀ. ਏ. ਦਾ ਵਿਦਿਆਰਥੀ ਹੈ।
25 ਸਾਲਾ ਮਿੱਤਲ ਨੇ ਕਿਹਾ ਕਿ ਆਈ. ਓ. ਸੀ. ਇਹ ਫੈਸਲਾ ਕਰ ਚੁੱਕੀ ਹੈ ਕਿ ਡਬਲ ਟ੍ਰੈਪ ਨੂੰ ਅਗਲੀਆਂ ਟੋਕੀਓ ਓਲੰਪਿਕ 'ਚ ਉਸ ਨੂੰ  ਨਹੀਂ ਰੱਖਿਆ ਜਾਵੇਗਾ ਤੇ ਇਸਦੀ ਜਗ੍ਹਾ ਮਿਕਸਡ ਟ੍ਰੈਪ ਪ੍ਰਤੀਯੋਗਿਤਾ ਨੂੰ ਲਿਆਂਦਾ ਜਾ ਰਿਹਾ ਹੈ। ਇਹ ਬੇਸ਼ੱਕ ਆਈ. ਓ. ਸੀ. ਦਾ ਫੈਸਲਾ ਹੈ ਪਰ ਸਾਡੇ ਵਲੋਂ ਗਲਤੀ ਰਹੀ ਹੈ ਕਿ ਆਈ. ਓ. ਸੀ. ਦੇ ਐਥਲੈਟਿਕਸ ਕਮਿਸ਼ਨ ਦੇ ਮੁਖੀ ਤੇ ਸਾਬਕਾ ਭਾਰਤੀ ਨਿਸ਼ਾਨੇਬਾਜ਼ ਅਭਿਵਨ ਬਿੰਦਰਾ ਨੇ ਹੀ ਇਹ ਪ੍ਰਸਤਾਵ ਦਿੱਤਾ ਸੀ ਕਿ ਡਬਲ ਟ੍ਰੈਪ ਦੀ ਜਗ੍ਹਾ ਪੁਰਸ਼ ਤੇ ਮਹਿਲਾ ਦੀ ਮਿਕਸਡ ਟ੍ਰੈਪ ਪ੍ਰਤੀਯੋਗਿਤਾ ਨੂੰ ਲਿਆਂਦਾ ਜਾਵੇ।
ਉਸ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਬਿੰਦਰਾ ਨੇ ਇਹ ਪ੍ਰਸਤਾਵ ਕਿਵੇਂ ਦਿੱਤਾ, ਜਦਕਿ ਉਹ ਜਾਣਦਾ ਹੈ ਕਿ ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ ਪਹਿਲਾ ਤਮਗਾ ਡਬਲ ਟ੍ਰੈਪ ਰਾਹੀਂ ਜੈਵਰਧਨੇ ਸਿੰਘ ਰਾਠੌਰ ਨੇ ਦਿਵਾਇਆ ਸੀ, ਜਿਹੜੇ ਇਸ ਸਮੇਂ ਦੇਸ਼ ਦੇ ਖੇਡ ਮੰਤਰੀ ਹਨ।