ਜੋਕੋਵਿਚ ਨੇ ਨੰਬਰ-1 ਰੈਂਕਿੰਗ ''ਤੇ ਨਡਾਲ ਤੋਂ ਵਧਾਇਆ ਫਾਸਲਾ

04/22/2019 7:16:39 PM

ਨਵੀਂ ਦਿੱਲੀ— ਸਰਬੀਆ ਦਾ ਨੋਵਾਕ ਜੋਕੋਵਿਚ ਸੋਮਵਾਰ ਜਾਰੀ ਏ. ਟੀ. ਪੀ. ਵਿਸ਼ਵ ਟੈਨਿਸ ਰੈਂਕਿੰਗ ਵਿਚ ਆਪਣੇ ਨੰਬਰ ਇਕ ਸਥਾਨ 'ਤੇ ਹੋਰ ਮਜ਼ਬੂਤ ਹੋ ਗਿਆ ਹੈ ਤੇ ਉਸ ਦਾ ਮੋਂਟੇ ਕਾਰਲੋ ਮਾਸਟਰਸ ਵਿਚ ਰਿਕਾਰਡ 12ਵੇਂ ਖਿਤਾਬ ਤੋਂ ਖੁੰਝੇ ਸਪੇਨ ਦੇ ਰਾਫੇਲ ਨਡਾਲ ਤੋਂ ਰੇਟਿੰਗ ਅੰਕਾਂ ਦਾ ਫਾਸਲਾ ਵਧ ਕੇ 3000 ਪਹੁੰਚ ਗਿਆ ਹੈ।
ਆਖਰੀ ਤਿੰਨੋਂ ਗ੍ਰੈਂਡ ਸਲੈਮ ਜਿੱਤਣ ਵਾਲਾ ਜੋਕੋਵਿਚ ਮੋਂਟੇ ਕਾਰਲੋ ਕੁਆਰਟਰ ਫਾਈਨਲ ਵਿਚ ਦਾਨਿਲ ਮੇਦਵੇਦੇਵ ਹੱਥੋਂ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਿਆ ਸੀ ਪਰ ਇਸ ਨਾਲ ਉਸ ਦੀ ਰੈਂਕਿੰਗ 'ਤੇ ਅਸਰ ਨਹੀਂ ਪਿਆ ਹੈ ਤੇ ਉਹ ਹੁਣ ਨਡਾਲ ਤੋਂ ਸਿੱਧੇ 3000 ਰੇਟਿੰਗ ਅੰਕ ਅੱਗੇ ਹੋ ਗਿਆ ਹੈ। ਨੰਬਰ ਵਨ ਜੋਕੋਵਿਕ ਦੇ ਹੁਣ 11160 ਰੇਟਿੰਗ ਅੰਕ ਹਨ।
ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੂੰ ਆਪਣੇ ਰਿਕਾਰਡ 12ਵੇਂ ਖਿਤਾਬ ਤੋਂ ਖੁੰਝਣ ਦਾ ਖਮਿਆਜ਼ਾ ਰੇਟਿੰਗ ਅੰਕਾਂ ਵਿਚ ਕਮੀ ਨਾਲ ਭੁਗਤਣਾ ਪਿਆ ਹੈ। ਸੈਮੀਫਾਈਨਲ ਵਿਚ ਫਾਬਿਓ ਫੋਗਨਿਨੀ ਤੋਂ ਹਾਰ ਕੇ ਬਾਹਰ ਹੋਇਆ ਨਡਾਲ 8085 ਰੇਟਿੰਗ ਅੰਕਾਂ 'ਤੇ ਹੈ ਤੇ ਉਹ ਆਪਣੇ ਦੂਜੇ ਸਥਾਨ 'ਤੇ ਬਰਕਰਾਰ ਹੈ।
ਨਡਾਲ ਨੂੰ ਹਰਾ ਕੇ ਬਾਅਦ ਵਿਚ ਮੋਂਟੇ ਕਾਰਲੋ ਵਿਚ ਚੈਂਪੀਅਨ ਬਣਿਆ 21 ਸਾਲ ਦਾ ਫੋਗਨਿਨੀ ਆਪਣੇ ਪਹਿਲੇ ਮਾਸਟਰਸ ਖਿਤਾਬ ਨੂੰ ਜਿੱਤਣ ਤੋਂ ਬਾਅਦ ਕਰੀਅਰ ਦੀ ਸਰਵਸ੍ਰੇਸ਼ਠ 12ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਉਸ ਨੇ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ ਹਰਾ ਕੇ ਖਿਤਾਬ ਜਿੱਤਿਆ ਹੈ। ਫੋਗਨਿਨੀ ਨੂੰ ਸਿੱਧੇ 6 ਸਥਾਨਾਂ ਦਾ ਫਾਇਦਾ ਹੋਇਆ ਹੈ, ਜਦਕਿ ਉਪ- ਜੇਤੂ ਲਾਜੋਵਿਚ 24 ਸਥਾਨਾਂ ਦੀ ਛਲਾਂਗ ਨਾਲ 24ਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਜਰਮਨੀ ਦਾ ਅਲੈਗਜ਼ਾਂਦ੍ਰੇ ਜਵੇਰੇਵ (5770) ਤੀਜੇ, ਸਵਿਟਜ਼ਰਲੈਂਡ ਦਾ ਰੋਜਰ ਫੈਡਰਰ (5590) ਚੌਥੇ ਤੇ ਆਸਟਰੀਆ ਦਾ ਡੋਮਿਨਿਕ ਥਿਏਮ (4675) ਪੰਜਵੇਂ ਨੰਬਰ 'ਤੇ ਹੈ। ਕੇਵਿਨ ਐਂਡਰਸਨ ਇਕ ਸਥਾਨ ਉੱਠ ਕੇ 6ਵੇਂ, ਜਦਕਿ ਕੇਈ ਨਿਸ਼ੀਕੋਰੀ ਇਕ ਸਥਾਨ ਹੇਠਾਂ ਸੱਤਵੇਂ ਨੰਬਰ 'ਤੇ ਖਿਸਕ ਗਿਆ ਹੈ। ਸਟੇਫਾਨੋਸ ਸਿਤਸਿਪਾਸ 8ਵੇਂ, ਜੁਆਨ ਮਾਰਟਿਨ ਡੇਲ ਪੋਤ੍ਰੋ 9ਵੇਂ ਤੇ ਜਾਨ ਇਸਨਰ 10ਵੀਂ ਰੈਂਕਿੰਗ 'ਤੇ ਹਨ।

Gurdeep Singh

This news is Content Editor Gurdeep Singh