ਜੋਕੋਵਿਚ ਤੀਜੀ ਵਾਰ ਬਣਿਆ ਮੈਡ੍ਰਿਡ ਓਪਨ ਦਾ ਬਾਦਸ਼ਾਹ

05/13/2019 9:15:33 PM

ਮੈਡ੍ਰਿਡ- ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਨੂੰ ਲਗਾਤਾਰ ਸੈੱਟਾਂ ਵਿਚ ਹਰਾ ਕੇ ਤੀਜੀ ਵਾਰ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਖਿਤਾਬ 'ਤੇ ਕਬਜ਼ਾ ਕਰ ਲਿਆ। ਸਰਬੀਆ ਦੇ ਦਮਦਾਰ ਖਿਡਾਰੀ ਜੋਕੋਵਿਚ ਨੇ ਸੈਮੀਫਾਈਨਲ ਮੁਕਾਬਲੇ ਵਿਚ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਸਖਤ ਸੰਘਰਸ਼ ਵਿਚ 7-6, 7-6 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ ਪਰ ਫਾਈਨਲ ਵਿਚ ਉਸ ਨੂੰ ਸਤੇਫਾਨੋਸ ਨੂੰ ਹਰਾਉਣ ਲਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਉਸ ਨੇ ਜੂਨਾਨੀ ਖਿਡਾਰੀ ਨੂੰ 6-3, 6-4 ਨਾਲ ਹਰਾਉਂਦਿਆਂ ਤੀਜੀ ਵਾਰ ਮੈਡ੍ਰਿਡ ਓਪਨ ਦਾ ਖਿਤਾਬ ਜਿੱਤਿਆ।


ਵਿਸ਼ਵ ਦੇ ਨੰਬਰ ਇਕ ਖਿਡਾਰੀ ਨੇ ਟੂਰਨਾਮੈਂਟ ਦੇ ਕਿਸੇ ਵੀ ਮੁਕਾਬਲੇ ਵਿਚ ਇਕ ਵੀ ਸੈੱਟ ਨਹੀਂ ਗੁਆਇਆ। ਇਸ ਜਿੱਤ ਦੇ ਨਾਲ ਜੋਕੋਵਿਚ ਨੇ ਰਾਫੇਲ ਨਡਾਲ ਦੇ 33 ਮਾਸਟਰਸ 1000 ਖਿਤਾਬਾਂ ਦੀ ਬਰਾਬਰੀ ਕਰ ਲਈ ਹੈ ਜਦਕਿ ਉਹ ਰੋਜਰ ਫੈਡਰਰ ਤੋਂ 5 ਖਿਤਾਬ ਅੱਗੇ ਹੈ। ਸਰਬੀਆ ਦੇ ਖਿਡਾਰੀ ਦੀ ਫਾਈਨਲ ਵਿਚ ਸ਼ਾਨਦਾਰ ਸ਼ੁਰੂਆਤ ਹੋਈ। ਉਸ ਨੇ ਪਹਿਲੇ ਸੈੱਟ ਦੇ ਦੂਜੇ ਅੰਕ ਵਿਚ ਵਿਰੋਧੀ ਦੀ ਸਰਵਿਸ ਤੋੜ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਜ਼ਬਰਦਸਤ ਸਰਵਿਸ ਕਰਦਿਆਂ ਪਹਿਲੇ ਸੈੱਟ ਨੂੰ 6-3 ਨਾਲ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ਵਿਚ ਹਾਲਾਂਕਿ ਸਤੇਫਾਨੋਸ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜੋਕੋਵਿਚ ਤੋਂ ਪਾਰ ਨਹੀਂ ਪਾ ਸਕਿਆ। ਜੋਕੋਵਿਚ ਦਾ ਇਹ ਤੀਜਾ ਮੈਡ੍ਰਿਡ ਓਪਨ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਸਾਲ 2011 ਤੇ 2016 ਵਿਚ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ।

Gurdeep Singh

This news is Content Editor Gurdeep Singh