ਜੋਕੋਵਿਚ ਐਡੀਲੇਡ ਇੰਟਰਨੈਸ਼ਨਲ ਦੇ ਸੈਮੀਫਾਈਨਲ ’ਚ, ਮੁਕਾਬਲਾ ਮੇਦਵੇਦੇਵ ਨਾਲ
Saturday, Jan 07, 2023 - 04:21 PM (IST)

ਸਪੋਰਟਸ ਡੈਸਕ– ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਡੈਨਿਸ ਸ਼ਾਪੋਵਾਲੋਵ ਨੂੰ 6-3, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਸਾਹਮਣਾ ਰੂਸ ਦੇ ਡੇਨੀਅਲ ਮੇਦਵੇਦੇਵ ਨਾਲ ਹੋਵੇਗਾ। ਆਸਟਰੇਲੀਅਨ ਓਪਨ ਦੀਆਂ ਤਿਆਰੀਆਂ ਲਈ ਅਹਿਮ ਮੰਨੇ ਜਾ ਰਹੇ ਇਸ ਟੂਰਨਾਮੈਂਟ ਵਿਚ ਮੇਦਵੇਦੇਵ ਨੇ ਰੂਸ ਦੇ ਹੀ ਕਾਰੇਨ ਖਾਚਾਨੋਵ ਨੂੰ 6-3, 6-3 ਨਾਲ ਹਰਾਇਆ।
ਜੋਕੋਵਿਚ ਕੋਰੋਨਾ ਦਾ ਟੀਕਾ ਨਾ ਲਗਵਾਉਣ ਦੇ ਕਾਰਨ ਪਿਛਲੇ ਸਾਲ ਆਸਟਰੇਲੀਅਨ ਓਪਨ ਨਹੀਂ ਖੇਡ ਸਕਿਆ ਸੀ। ਇਕ ਹੋਰ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਸੇਬੇਸਟੀਅਨ ਕੋਰਡਾ ਨੇ ਛੇਵਾਂ ਦਰਜਾ ਪ੍ਰਾਪਤ ਜਾਨਿਕ ਸਿਨੇਰ ਨੂੰ 7-5, 6-1 ਨਾਲ ਹਰਾਇਆ। ਉੱਥੇ ਹੀ, ਜਾਪਾਨ ਦੇ ਯੋਸ਼ਿਹਿਤੋ ਨਿਸ਼ਿਓਕਾ ਨੇ ਆਸਟਰੇਲੀਆ ਦੇ ਐਲਕੇਸੇਈ ਪੋਪਿਰਿਨ ਨੂੰ ਹਰਾਇਆ
ਮਹਿਲਾ ਵਰਗ ਵਿਚ ਕੁਆਲੀਫਾਇਰ ਲਿੰਡਾ ਨੋਸਕੋਵਾ ਨੇ ਦੋ ਵਾਰ ਦੀ ਆਸਟਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜਾਰੇਂਕਾ ਨੂੰ ਹਰਾਇਆ। ਚੈੱਕ ਗਣਰਾਜ ਦੀ ਨੋਸਕੋਵਾ ਨੇ 6-4, 6-7, 7-6 ਨਾਲ ਜਿੱਤ ਦਰਜ ਕੀਤੀ। ਦੁਨੀਆ ਦੀ ਪੰਜਵੇਂ ਨੰਬਰ ਦੀ ਖਿਡਾਰਨ ਏਰੀਨਾ ਸਬਾਲੇਂਕਾ ਨੇ ਮਰਕੇਟਾ ਵੋਂਡਰੂਸੋਵਾ ਨੂੰ 6-3, 7-5 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।