ਫੈਡਰਰ ਨੂੰ ਢਹਿ-ਢੇਰੀ ਕਰ ਕੇ ਜੋਕੋਵਿਚ 8ਵੀਂ ਵਾਰ ਫਾਈਨਲ ''ਚ

01/30/2020 7:31:02 PM

ਮੈਲਬੋਰਨ : ਟੈਨਿਸ ਦੇ ਦੋ ਲੀਜੈਂਡ ਖਿਡਾਰੀਆਂ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਵਿਚਾਲੇ ਜਿਸ ਮਹਾਮੁਕਾਬਲੇ ਦੀ ਉਮੀਦ ਕੀਤੀ ਜਾ ਰਹੀ ਸੀ, ਉਸ ਨੂੰ ਸਾਬਕਾ ਚੈਂਪੀਅਨ ਜੋਕੋਵਿਚ ਨੇ ਆਪਣੀ ਜ਼ਬਰਦਸਤ ਖੇਡ ਨਾਲ ਪੂਰੀ ਤਰ੍ਹਾਂ ਇਕਪਾਸੜ ਬਣਾ ਦਿੱਤਾ। ਦੂਜੀ ਸੀਡ ਜੋਕੋਵਿਚ ਨੇ ਤੀਜੀ ਸੀਡ ਫੈਡਰਰ ਨੂੰ ਵੀਰਵਾਰ ਨੂੰ ਲਗਾਤਾਰ ਸੈੱਟਾਂ ਵਿਚ 7-6(1), 6-4, 6-3 ਨਾਲ ਹਰਾ ਕੇ 8ਵੀਂ ਵਾਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਦਾ ਨੰਬਰ-2 ਖਿਡਾਰੀ ਜੋਕੋਵਿਚ ਹੁਣ ਆਪਣੇ 8ਵੇਂ ਖਿਤਾਬ ਅਤੇ ਨੰਬਰ ਇਕ ਰੈਂਕਿੰਗ ਤੋਂ ਸਿਰਫ ਇਕ ਜਿੱਤ ਦੂਰ ਰਹਿ ਗਿਆ ਹੈ। ਜੋਕੋਵਿਚ ਦਾ ਫਾਈਨਲ ਵਿਚ ਪੰਜਵੀਂ ਸੀਡ ਆਸਟਰੀਆ ਦੇ ਡੋਮਿਨਿਕ ਥਿਏਮ ਤੇ ਸੱਤਵੀਂ ਸੀਡ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਵਿਚਾਲੇ ਸ਼ੱੁੱਕਰਵਾਰ ਨੂੰ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਪੰਜਵੀਂ ਸੀਡ ਥਿਏਮ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਟਾਪ ਸੀਡ ਸਪੇਨ ਦੇ ਰਾਫੇਲ ਨਡਾਲ ਨੂੰ ਕੁਆਰਟਰ ਫਾਈਨਲ ਵਿਚ ਹਰਾ ਕੇ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ, ਜਦਕਿ ਜਵੇਰੇਵ 15ਵੀਂ ਸੀਡ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ-4 ਵਿਚ ਪਹੁੰਚਿਆ ਸੀ।

32 ਸਾਲਾ ਜੋਕੋਵਿਚ ਨੇ ਇਸ ਜਿੱਤ ਦੇ ਨਾਲ 2020 ਵਿਚ ਆਪਣੀ ਮੁਹਿੰਮ 12-0 ਪਹੁੰਚਾ ਦਿੱਤੀ ਹੈ। ਜੋਕੋਵਿਚ ਹੁਣ ਐਤਵਾਰ ਨੂੰ ਹੋਣ ਵਾਲੇ ਫਾਈਨਲ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਉਸਦਾ ਥਿਏਮ ਵਿਰੁੱਧ 6-4 ਤੇ ਜਵੇਰੇਵ ਵਿਰੁੱਧ 3-2 ਦਾ ਰਿਕਾਰਡ ਹੈ। ਜੋਕੋਵਿਚ ਨੇ ਪਹਿਲੇ ਸੈੱਟ ਵਿਚ 2-5 ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਫੈਡਰਰ ਨੂੰ ਫਿਰ ਕੋਈ ਮੌਕਾ ਨਹੀਂ ਦਿੱਤਾ ਤੇ 17ਵੀਂ ਗ੍ਰੈਂਡ ਸਲੈਮ ਖਿਤਾਬ ਵੱਲ ਮਜ਼ਬੂਤੀ ਨਾਲ ਕਦਮ ਵਧਾ ਦਿੱਤਾ। ਇਸ ਹਾਰ ਦੇ ਨਾਲ ਹੀ ਫੈਡਰਰ ਜੋਕੋਵਿਚ ਤੋਂ ਮੈਲਬੋਰਨ ਵਿਚ ਚੌਥੀ ਵਾਰ ਹਾਰਿਆ ਹੈ ਤੇ ਇਹ ਸਾਰੇ ਸੈਮੀਫਾਈਨਲ ਰਹੇ। ਇਸ ਤੋਂ ਪਹਿਲਾਂ 2008, 2011 ਤੇ 2016 ਵਿਚ ਜੋਕੋਵਿਚ ਨੇ ਫੈਡਰਰ ਨੂੰ ਹਰਾਇਆ ਸੀ। ਇਸ ਹਾਰ ਨਾਲ ਫੈਡਰਰ ਦਾ 21ਵਾਂ ਗ੍ਰੈਂਡ ਸਲੈਮ ਖਿਤਾਬ ਦਾ ਸੁਪਨਾ ਟੁੱਟ ਗਿਆ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਦਾ ਜੋਕੋਵਿਚ ਵਿਰੁੱਧ ਕਰੀਅਰ ਰਿਕਾਰਡ ਹੁਣ 23-27 ਹੋ ਗਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਫੈਡਰਰ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਜਾਣ ਤੋਂ ਖੁੰਝ ਗਿਆ ਹੈ। 2017 ਤੇ 2018 ਵਿਚ ਜੇਤੂ ਬਣਿਆ ਫੈਡਰਰ 2019 ਵਿਚ ਚੌਥੇ ਦੌਰ ਵਿਚ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਹੱਥੋਂ ਹਾਰ ਗਿਆ ਸੀ। ਇਨ੍ਹਾਂ ਦੋਵਾਂ ਵਿਚਾਲੇ ਇਹ 50ਵੀਂ ਟੱਕਰ ਸੀ। ਜੋਕੋਵਿਚ 27 ਵਾਰ ਤੇ 23 ਵਾਰ ਫੈਡਰਰ ਜਿੱਤਣ ਵਿਚ ਸਫਲ ਰਿਹਾ ਹੈ। ਗ੍ਰੈਂਡ ਸਲੈਮ ਵਿਚ ਇਹ ਦੋਵਾਂ ਵਿਚਾਲੇ 18ਵਾਂ ਮੁਕਾਬਲਾ ਸੀ, ਜਿਸ ਵਿਚੋਂ 12 ਵਾਰ ਜੋਕੋਵਿਚ ਜਿੱਤਿਆ ਹੈ। ਆਸਟਰੇਲੀਅਨ ਓਪਨ ਵਿਚ ਪੰਜ ਵਾਰ ਦੋਵਾਂ ਵਿਚਾਲੇ ਮੁਕਾਬਲਾ ਹੋਇਆ ਹੈ ਤੇ ਸਿਰਫ ਇਕ ਵਾਰ ਫੈਡਰਰ ਨੂੰ ਜਿੱਤ ਮਿਲੀ ਹੈ।