ਆਸਟਰੇਲੀਅਨ ਓਪਨ ''ਚ ਖਿਤਾਬ ਜਿੱਤਣ ''ਤੇ ਲੱਗੀਆਂ ਹਨ ਜੋਕੋਵਿਚ ਤੇ ਸੇਰੇਨਾ ਦੀਆਂ ਨਜ਼ਰਾਂ

01/19/2020 7:23:38 PM

ਮੈਲਬੋਰਨ : ਤਜਰਬੇਕਾਰ ਖਿਡਾਰੀ ਨੋਵਾਕ ਜੋਕੋਵਿਚ ਅਤੇ ਸੇਰੇਨਾ ਵਿਲੀਅਮਸ ਸੋਮਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ ਵਿਚ ਨੌਜਵਾਨ ਪੀੜ੍ਹੀ ਦਾ ਇੰਤਜ਼ਾਰ ਵਧਾ ਕੇ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਹਾਲ ਹੀ ਵਿਚ ਜੰਗਲਾਂ ਵਿਚ ਲੱਗੀ ਅੱਗ ਦਾ ਧੂੰਆਂ ਮੈਲਬੋਰਨ ਵਿਚ ਹੁਣ ਲਗਭਗ ਖਤਮ ਹੋ ਗਿਆ ਹੈ, ਜਿਸ ਨੂੰ ਲੈ ਕੇ ਖਿਡਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਸੀ। ਜੋਕੋਵਿਚ ਤੇ ਰਿਕਾਰਡ 24ਵਾਂ ਮੇਜਰ ਖਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਰੁੱਝੀ ਸੇਰੇਨਾ ਸੱਟੇਬਾਜ਼ਾਂ ਲਈ ਪ੍ਰਮੁੱਖ ਦਾਅਵੇਦਾਰ ਹੋਣਗੇ।

ਚੋਟੀ ਦਾ ਦਰਜਾ ਪ੍ਰਾਪਤ ਰਾਫੇਲ ਨਡਾਲ (33 ਸਾਲ) ਤੀਜੇ ਦਹਾਕੇ ਵਿਚ ਦੁਨੀਆ ਦਾ ਨੰਬਰ ਇਕ ਖਿਡਾਰੀ ਬਣਨ ਦਾ ਜਸ਼ਨ ਮਨਾ ਰਿਹਾ ਹੈ, ਜਦਕਿ ਰੋਜਰ ਫੈਡਰਰ (38 ਸਾਲ) ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਵਧਦੀ ਉਮਰ ਦਾ ਉਸ 'ਤੇ ਕੋਈ ਅਸਰ ਨਹੀਂ ਪਿਆ ਅਤੇ ਉਹ 21ਵਾਂ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕਰਨਾ ਚਾਹੇਗਾ। ਸਾਲ 2020 ਦੀ ਸ਼ੁਰੂਆਤ 2010 ਤੋਂ ਵੱਖਰੀ ਨਹੀਂ ਹੈ, ਜਦੋਂ ਫੈਡਰਰ ਅਤੇ ਨਡਾਲ ਨੇ ਚਾਰ ਗ੍ਰੈਂਡ ਸਲੈਮ ਖਿਤਾਬ ਸਾਂਝੇ ਕੀਤੇ ਸਨ ਤੇ ਸੇਰੇਨਾ ਨੇ ਮੈਲਬੋਰਨ ਤੇ ਵਿੰਬਲਡਨ ਵਿਚ ਟਰਾਫੀ ਹਾਸਲ ਕੀਤੀ ਸੀ। 10 ਸਾਲ ਬਾਅਦ ਪੁਰਸ਼ ਵਰਗ ਵਿਚ 'ਬਿੱਗ ਥ੍ਰੀ', ਜਿਸ ਨੇ 2004 ਤੋਂ ਬਾਅਦ ਤੋਂ ਹੀ 2 ਆਸਟਰੇਲੀਅਨ ਓਪਨ ਖਿਤਾਬ ਛੱਡ ਕੇ ਸਾਰੀਆਂ ਟਰਾਫੀਆਂ ਜਿੱਤੀਆਂ ਹਨ, ਟਾਪ-3 ਰੈਂਕਿੰਗ ਸਥਾਨ 'ਤੇ ਕਾਬਜ਼ ਹਨ ਤੇ ਸੇਰੇਨਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਮਾਰਗ੍ਰੇਟ ਕੋਰਟ ਦੇ ਰਿਕਾਰਡ ਤੋਂ ਸਿਰਫ ਇਕ ਕਦਮ ਹੀ ਦੂਰ ਹੈ।