ਨਡਾਲ ਨੂੰ ਪਛਾੜ ਕੇ ਜੋਕੋਵਿਚ ਫਿਰ ਬਣਿਆ ਨੰਬਰ-1

02/03/2020 5:58:47 PM

ਨਵੀਂ ਦਿੱਲੀ : ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ 8 ਵਾਰ ਦੇ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਸਪੇਨ ਦੇ ਰਾਫੇਲ ਨਡਾਲ ਨੂੰ ਪਛਾੜ ਕੇ ਸੋਮਵਾਰ ਨੂੰ ਏ. ਟੀ. ਪੀ. ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਜੋਕੋਵਿਚ ਨੇ ਕੱਲ ਹੀ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਨਡਾਲ ਨੇ ਪਿਛਲੇ ਸਾਲ ਦੇ ਅੰਤ ਵਿਚ ਜੋਕੋਵਿਚ ਤੋਂ ਚੋਟੀ ਦਾ ਸਥਾਨ ਖੋਹ ਲਿਆ ਸੀ ਪਰ ਹੁਣ ਇਕ ਵਾਰ ਫਿਰ ਜੋਕੋਵਿਚ ਰੈਂਕਿੰਗ ਵਿਚ ਨੰਬਰ ਇਕ ਦੇ ਸਥਾਨ 'ਤੇ ਪਹੁੰਚ ਗਿਆ ਹੈ।

PunjabKesari

17 ਗ੍ਰੈਂਡ ਸਲੈਮ ਖਿਤਾਬਾਂ ਾ ਜੇਤੂ 32 ਸਾਲਾ  ਜੋਕੋਵਿਚ 9720 ਅੰਕਾਂ ਨਾਲ ਚੋਟੀ 'ਤੇ ਹੈ ਜਦਕਿ ਨਡਾਲ 9395 ਅੰਕਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। 20 ਗ੍ਰੈਂਡ ਸਲੈਮ ਦੇ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰ 7130 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਜੋਕੋਵਿਚ ਤੋਂ ਹਾਰ ਜਾਣ ਵਾਲਾ ਥਿਏਮ ਇਕ ਸਥਾਨ ਦੀ ਛਲਾਂਗ ਦੇ ਨਾਲ 7045 ਅੰਕ ਹਾਸਲ ਕਰ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਰੂਸ ਦੇ ਡੇਨਿਲ ਮੇਦਵੇਦੇਵ ਇਕ ਸਥਾਨ ਹੇਠਾਂ 5960 ਅੰਕਾਂ ਨਾਲ 5ਵੇਂ ਸਥਾਨ 'ਤੇ ਹੈ। ਸਟੇਫਾਨੋਸ ਸਿਤਸਿਪਾਸ 4745 ਅੰਕਾਂ ਨਾਲ 6ਵੇਂ, ਅਲੈਗਜ਼ੈਂਡਰ ਜਵੇਰੇਵ 3885 ਅੰਕਾਂ ਨਾਲ 7ਵੇਂ ਤੇ ਮੈਟੀਓ ਬੇਰੇਟਿਨੀ 2905 ਅੰਕਾਂ ਦੇ ਨਾਲ 8ਵੇਂ ਸਥਾਨ 'ਤੇ ਮੌਜੂਦ ਹੈ। ਫਰਾਂਸ ਦੇ ਗਾਏਲ ਮੋਂਫਿਲਸ 2700 ਅੰਕਾਂ ਦੇ ਨਾਲ ਇਕ ਸਥਾਨ ਵਧ ਕੇ 9ਵੇਂ ਤੇ ਬੈਲਜੀਅਮ ਦੇ ਡੇਵਿਡ ਗੋਫਿਨ 2555 ਅੰਕ ਹਾਸਲ ਕਰਕੇ 10ਵੇਂ ਸਥਾਨ 'ਤੇ ਆ ਗਿਆ ਹੈ।


Related News