ਲਾਰ ਦਾ ਇਸਤੇਮਾਲ ਨਾ ਕਰਨ ਦਾ ਨਿਯਮ ਲਾਗੂ ਕਰਨਾ ਮੁਸ਼ਕਿਲ : ਬ੍ਰੈੱਟ ਲੀ

05/24/2020 11:33:52 AM

ਨਵੀਂ ਦਿੱਲੀ– ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਦਾ ਮੰਨਣਾ ਹੈ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਗੇਂਦ ’ਤੇ ਮੂੰਹ ਦੀ ਲਾਰ ਦਾ ਇਸਤੇਮਾਲ ਨਾ ਕਰਨ ਦੇ ਨਿਯਮ ਨੂੰ ਲਾਗੂ ਕਰਨਾ ਮੁਸ਼ਕਿਲ ਹੋਵੇਗਾ। ਭਾਰਤ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਦੀ ਅਗਵਾਈ ਵਾਲੀ ਆਈ. ਸੀ. ਸੀ. ਤਕਨੀਕੀ ਕਮੇਟੀ ਨੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਗੇਂਦ ’ਤੇ ਮੂੰਹ ਦੀ ਲਾਰ (ਥੁੱਕ) ਦੇ ਇਸਤੇਮਾਲ ’ਤੇ ਰੋਕ ਲਾਉਣ ਦੀ ਸਿਫਾਰਿਸ਼ ਕੀਤੀ ਸੀ। ਕਮੇਟੀ ਨੇ ਹਾਲਾਂਕਿ ਗੇਂਦ ’ਤੇ ਪਸੀਨੇ ਦਾ ਇਸਤੇਮਾਲ  ਨੂੰ ਇਜਾਜਤ ਦਿੱਤੀ ਹੈ। ਤੂਫਾਨੀ ਗੇਂਦਬਾਜ਼ ਲੀ ਦਾ ਮੰਨਣਾ ਹੈ ਕਿ ਕਰੀਅਰ ਦੇ ਸ਼ੁਰੂਅਾਤ ਤੋਂ ਹੀ ਖਿਡਾਰੀ ਗੇਂਦ ’ਤੇ ਮੂੰਹ ਦੀ ਲਾਰ ਦਾ ਇਸਤੇਮਾਲ ਕਰਦੇ ਹਨ ਤੇ ਰਾਤੋ-ਰਾਤ ਇਸਦਾ ਇਸਤੇਮਾਲ ਨਾ ਕਰਨ ਦੀ ਆਦਤ ਛੱਡਣਾ ਕਿਸੇ ਵੀ ਖਿਡਾਰੀ ਲਈ ਮੁਸ਼ਕਿਲ ਹੋਵੇਗਾ।

ਲਾਰ ਦੇ ਬਿਨਾਂ ਗੇਂਦ ਨੂੰ ਚਮਕਾਉਣ ਦਾ ਤਰੀਕਾ ਲੱਭ ਲਵਾਂਗੇ : ਵੋਕਸ

ਉੱਥੇ ਹੀ ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਦਾ ਮੰਨਣਾ ਹੈ ਕਿ ਗੇਂਦਾਂ ’ਤੇ ਲਾਰ ਦੇ ਇਸਤੇਮਾਲ ’ਤੇ ਪਾਬੰਦੀ ਲਾਉਣਾ ਕੋਈ ਮੁੱਦਾ ਨਹੀਂ ਹੋਵੇਗਾ ਕਿਉਂਕਿ ਗੇਂਦਬਾਜ਼ ਗੇਂਦ ਨੂੰ ਚਮਕਾਉਣ ਦੇ ਹੋਰ ਤਰੀਕੇ ਲੱਭ ਲੈਣਗੇ। ਵੋਕਸ ਦਾ ਮੰਨਣਾ ਹੈ ਕਿ ਗੇਂਦ’ਤੇ ਲਾਰ ਲਾਉਣਾ ਇਕ ਅਾਦਤ ਹੈ ਤੇ ਕ੍ਰਿਕਟ ਦੇ ਫਿਰ ਤੋਂ ਸ਼ੁਰੂ ਹੋਣ’ਤੇ ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਅਭਿਆਸ ਕਰਨਾ ਪਵੇਗਾ।
ਵੋਕਸ ਨੇ ਕਿਹਾ,‘‘ਹੁਣ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਗੇਂਦ ਨੂੰ ਚਮਕਾਉਣ ਲਈ ਇਹ (ਲਾਰ ਦਾ ਇਸਤੇਮਾਲ) ਸਾਰੇ ਨਹੀਂ ਕਰ ਸਕਦੇ। ਉਸ ਨੇ ਕਿਹਾ ਕਿ ਗੇਂਦ ’ਤੇ ਲਾਰ ਦੇ ਇਸਤੇਮਾਲ ਦੇ ਬਿਨਾਂ ਗੇਂਦਬਾਜ਼ਾਂ ਦਾ ਕੰਮ ਮੁਸ਼ਕਿਲ ਹੋ ਜਾਵੇਗਾ।''

Ranjit

This news is Content Editor Ranjit