ਧੋਨੀ ਜਾਣਦੈ ਉਸ ਨੇ ਕਦੋਂ ਸੰਨਿਆਸ ਲੈਣਾ : ਪ੍ਰਸਾਦ

07/21/2019 6:53:48 PM

ਸਪੋਰਟਸ ਡੈਸਕ : ਭਾਰਤੀ ਚੋਣਕਾਰ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਨੇ ਵੈਸਟਇੰਡੀਜ਼ ਦੌਰੇ ਲਈ ਐਤਵਾਰ ਨੂੰ ਭਾਰਤੀ ਟੀਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਸੰਨਿਆਸ ਦਾ ਫੈਸਲਾ ਪੂਰੀ ਤਰ੍ਹਾਂ ਨਿੱਜੀ ਹੁੰਦਾ ਹੈ ਤੇ ਮਹਿੰਦਰ ਸਿੰਘ ਧੋਨੀ ਵਰਗਾ ਲੀਜੈਂਡ ਜਾਣਦਾ ਹੈ ਕਿ ਉਸ ਨੇ ਕਦੋਂ ਸੰਨਿਆਸ ਲੈਣਾ ਹੈ। ਪ੍ਰਸਾਦ ਨੇ ਕਿਹਾ, ''ਸੰਨਿਆਸ ਪੂਰੀ ਤਰ੍ਹਾਂ ਇਕ ਖਿਡਾਰੀ ਦਾ ਆਪਣਾ ਫੈਸਲਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ 'ਤੇ ਹੋਰ ਗੱਲ ਕਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਉਪਲੱਬਧ ਨਹੀਂ ਹੈ ਤੇ ਦੂਜਾ ਅਸੀਂ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।'' ਇਹ ਪੁੱਛਣ 'ਤੇ ਕਿ ਕੀ ਧੋਨੀ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਖੇਡ ਲਿਆ ਹੈ ਤੇ ਕੀ ਉਹ ਅੱਗੇ ਵੀ ਖੇਡਣਾ ਜਾਰੀ ਰੱਖੇਗਾ, ਪ੍ਰਸਾਦ ਨੇ ਕਿਹਾ, ''ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ। ਇਹ ਫੈਸਲਾ ਹੁਣ ਧੋਨੀ ਨੂੰ ਕਰਨਾ ਹੈ।''

ਧੋਨੀ ਨਾਲ ਅੱਗੇ ਦੀ ਚਰਚਾ ਨੂੰ ਲੈਕੇ ਪ੍ਰਸਾਦ ਨੇ ਮੰਨਿਆ ਕਿ ਧੋਨੀ ਨਾਲ ਉਸਦੀ ਇਸ 'ਤੇ ਗੱਲ ਹੋਈ ਸੀ। ਜੇਕਰ ਧੋਨੀ ਇਸ ਦੌਰੇ ਲਈ ਉਪਲਬੱਧ ਹੁੰਦੀ ਤਾਂ, ਪ੍ਰਸਾਦ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੀ ਕਿ ਉਹ ਫਿੱਟ ਨਹੀਂ ਹੈ ਤੇ ਜਦੋਂ ਉਹ ਫਿੱਟ ਤੇ ਉਪਲੱਬਧ ਹੋਵੇਗਾ ਤਦ ਅਸੀਂ ਦੇਖਾਂਗੇ ਕਿ ਕੀ ਕਰਨਾ ਹੈ।''38 ਸਾਲਾ ਧੋਨੀ ਨੇ ਅਜੇ ਤਕ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਸੰਨਿਆਸ ਕਦੋਂ ਲਵੇਗਾ।

ਟੀ-20 ਵਿਸ਼ਵ ਕੱਪ ਨੂੰ ਧਿਆਨ 'ਚ ਰੱਖਿਆ ਟੀਮ ਚੁਣੀ
ਪ੍ਰਸਾਦ ਨੇ ਨਾਲ ਹੀ ਕਿਹਾ, ''ਅਸੀਂ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਧਿਆਨ ਵਿਚ ਰੱਖਦਿਆਂ ਟੀਮ ਚੁਣੀ ਹੈ। ਅਸੀਂ ਰਿਸ਼ਭ ਪੰਤ ਨੂੰ ਹੋਰ ਮੌਕੇ ਦੇਣਾ ਚਾਹੁੰਦੇ ਹਾਂ। ਫਿਲਹਾਲ ਸਾਡੀ ਇਹ ਹੀ ਯੋਜਨਾ ਹੈ। ਵਿਸ਼ਵ ਕੱਪ 2019 ਤਕ ਧੋਨੀ ਨੂੰ ਲੈ ਕੇ ਸਾਡੇ ਕੋਲ ਵੱਖਰਾ ਪਲਾਨ ਸੀ ਤੇ ਹੁਣ ਵਿਸ਼ਵਕੱਪ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਪੰਤ ਵਰਗੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਮਿਲੇ।''

ਕਾਰਤਿਕ ਬਾਰੇ ਬੋਲੇ ਚੋਣਕਾਰ
ਵਿਸ਼ਵ ਕੱਪ ਟੀਮ ਵਿਚ ਦੂਜੇ ਵਿਕਟਕੀਪਰ ਰਹੇ ਦਿਨੇਸ਼ ਕਾਰਤਿਕ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਪ੍ਰਸਾਦ ਨੇ ਕਿਹਾ, ''ਸਾਡੇ ਕੋਲ ਵਿਸ਼ਵ ਕੱਪ ਤਕ ਤੇ ਵਿਸ਼ਵ ਕੱਪ ਬਾਅਦ ਦੀਆਂ ਯੋਜਨਾਵਾਂ ਹਨ। ਸਾਨੂੰ ਨੌਜਵਾਨ ਖਿਡਾਰੀਆਂ ਨੂੰ ਮੌਕੇ ਦੈਣੇ ਪੈਣਗੇ ਜਿਹੜੇ ਲੰਬੇ ਸਮੇਂ ਤਕ ਖੇਡ ਸਕਦੇ ਹਨ।''
ਕਾਰਤਿਕ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ ਸਮੇਤ 2 ਹੀ ਮੈਚ ਖੇਡਣ ਦਾ ਮੌਕਾ ਮਿਲਿਆ ਸੀ, ਜਿਸ ਵਿਚ ਉਹ 8 ਦੌੜਾਂ ਤੇ 6 ਦੌੜਾਂ ਹੀ ਬਣਾ ਸਕਿਆ ਸੀ। ਕਾਰਤਿਕ ਨੂੰ ਦੌਰੇ ਲਈ ਨਹੀਂ ਚੁਣਿਆ ਗਿਆ ਹੈ।