IPL ਫਿਕਸਿੰਗ 'ਤੇ ਬੋਲੇ ਧੋਨੀ, ਖਿਡਾਰੀਆਂ ਦਾ ਕੀ ਕਸੂਰ ਸੀ?

03/22/2019 12:10:07 AM

ਨਵੀਂ ਦਿੱਲੀ— ਆਈ. ਪੀ. ਐੱਲ. 2013 ਮੈਚ ਫਿਕਸਿੰਗ ਕੇਸ ਨੂੰ ਆਪਣੇ ਜੀਵਨ ਦਾ 'ਸਭ ਤੋਂ ਮੁਸ਼ਕਿਲ ਤੇ ਨਿਰਾਸ਼ਾਜਨਕ' ਦੌਰ ਦੱਸਦਿਆ ਹੋਇਆ ਮਹਿੰਦਰ ਸਿੰਘ ਨੇ ਸਵਾਲ ਕੀਤਾ ਕਿ ਖਿਡਾਰੀਆਂ ਦਾ ਕੀ ਕਸੂਰ ਸੀ। 2 ਵਾਰ ਦੇ ਵਿਸ਼ਵ ਕੱਪ ਜੇਤੂ ਨੇ 'ਰੋਰ ਆਫ ਦਿ ਲਾਇਨ' ਡਾਕਯੂਡਾਮਾ 'ਚ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜੀ। ਭਾਰਤੀ ਕ੍ਰਿਕਟ ਨੂੰ ਝਿਨਝੋੜ ਦੇਣ ਵਾਲੇ ਇਸ ਕੇਸ 'ਚ ਪ੍ਰਬੰਧਨ ਦੀ ਭੂਮੀਕਾ ਦੇ ਕਾਰਨ ਚੇਨਈ ਸੁਪਰ ਕਿੰਗਜ਼ ਨੂੰ 2 ਸਾਲ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ। ਧੋਨੀ ਨੇ ਕਿਹਾ ਕਿ 2013 ਮੇਰੇ ਜੀਵਨ ਦਾ ਸਭ ਤੋਂ ਮੁਸ਼ਕਿਲ ਦੌਰ ਸੀ। ਮੈਂ ਕਦੀ ਇੰਨਾ ਦੁਖੀ ਨਹੀਂ ਹੋਇਆ, ਜਿੰਨਾ ਉਸ ਸਮੇਂ ਹੋਇਆ ਸੀ। ਇਸ ਤੋਂ ਪਹਿਲਾਂ ਵਿਸ਼ਵ ਕੱਪ 2007 'ਚ ਦੁਖੀ ਹੋਇਆ ਸੀ, ਜਦੋਂ ਅਸੀਂ ਗਰੁੱਪ ਪੜਾਅ 'ਚ ਹਾਰ ਗਏ ਸੀ ਪਰ ਉਸ 'ਚ ਅਸੀਂ ਖਰਾਬ ਪ੍ਰਦਰਸ਼ਨ ਕੀਤਾ ਸੀ। ਧੋਨੀ ਨੇ ਕਿਹਾ ਪਰ 2013 'ਚ ਤਸਵੀਰ ਬਿਲਕੁਲ ਵੱਖਰੀ ਸੀ। ਲੋਕ ਮੈਚ ਫਿਕਸਿੰਗ ਤੇ ਸਪਾਟ ਫਿਕਸਿੰਗ ਦੀ ਗੱਲ ਕਰਦੇ ਸਨ। ਉਸ ਸਮੇਂ ਦੇਸ਼ ਭਰ 'ਚ ਇਹੀ ਗੱਲ ਹੋ ਰਹੀ ਸੀ।
ਧੋਨੀ ਨੇ ਕਿਹਾ ਕਿ ਖਿਡਾਰੀਆਂ ਨੂੰ ਪਤਾ ਸੀ ਕਿ ਸਖਤ ਸਜ਼ਾ ਮਿਲਣ ਜਾ ਰਹੀ ਹੈ, ਫਿਰ ਇਹ ਪਤਾ ਕਰਨਾ ਸੀ ਕਿ ਸਜ਼ਾ ਕਿੰਨੀ ਹੋਵੇਗੀ। ਚੇਨਈ ਸੁਪਰ ਕਿੰਗਜ਼ 'ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ। ਉਸ ਸਮੇਂ ਮਿਲੀ-ਜੁਲੀ ਭਾਵਨਾਵਾਂ ਸੀ ਕਿਉਂਕਿ ਤੁਸੀਂ ਬਹੁਤ ਗੱਲਾਂ ਨੂੰ ਖੁਦ 'ਤੇ ਲੈ ਲੈਂਦੇ ਹੋ। ਕਪਤਾਨ ਦੇ ਤੌਰ 'ਤੇ ਇਹ ਸਵਾਲ ਸੀ ਕੀ ਟੀਮ ਦੀ ਕਿਹੜੀ ਗਲਤੀ ਸੀ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਸਾਡੀ ਟੀਮ ਨੇ ਗਲਤੀ ਕੀਤੀ ਪਰ ਕੀ ਖਿਡਾਰੀ ਇਸ 'ਚ ਸ਼ਾਮਲ ਸਨ? ਖਿਡਾਰੀਆਂ ਦੀ ਕੀ ਗਲਤੀ ਸੀ, ਕਿ ਉਨ੍ਹਾਂ ਨੂੰ ਇਹ ਸਭ ਝੱਲਣਾ ਪਿਆ? ਉਨ੍ਹਾਂ ਨੇ ਕਿਹਾ ਕਿ ਫਿਕਸਿੰਗ ਨਾਲ ਜੁੜੀਆਂ ਗੱਲਾਂ 'ਚ ਮੇਰਾ ਨਾਂ ਵੀ ਆ ਰਿਹਾ ਸੀ। ਮੀਡੀਆ ਤੇ ਸੋਸ਼ਲ ਮੀਡੀਆ 'ਚ ਇਸ ਤਰ੍ਹਾਂ ਦਿਖਾਉਣ ਲੱਗੇ ਜਿਵੇਂ ਟੀਮ ਵੀ ਸ਼ਾਮਲ ਹੋਵੇ। ਕੀ ਇਹ ਸੰਭਵ ਹੈ। ਹਾਂ, ਸਪਾਟ ਫਿਕਸਿੰਗ ਕੋਈ ਵੀ ਕਰ ਸਕਦਾ ਹੈ। ਅੰਪਾਇਰ, ਬੱਲੇਬਾਜ਼, ਗੇਂਦਬਾਜ਼...ਪਰ ਮੈਚ ਫਿਕਸਿੰਗ 'ਚ ਖਿਡਾਰੀ ਸ਼ਾਮਲ ਹੁੰਦੇ ਹਨ।
 

Gurdeep Singh

This news is Content Editor Gurdeep Singh