ਧੋਨੀ ਦਾ ਐੱਲ. ਬੀ. ਡਬਲਯੂ. ਆਊਟ ਹੋਣਾ ਸਾਡੇ ਲਈ ਲੱਕੀ ਰਿਹਾ : ਰਿਚਰਡਸਨ

01/13/2019 1:09:41 AM

ਸਿਡਨੀ— ਆਸਟਰੇਲੀਆਈ ਗੇਂਦਬਾਜ਼ ਝਾਯ ਰਿਚਰਡਸਨ ਨੇ ਕਿਹਾ ਕਿ ਉਹ ਲੱਕੀ ਰਹੇ ਜਿਹੜਾ ਮੈਚ ਵਿਚ ਇਕ ਗਲਤ ਫੈਸਲੇ ਕਾਰਨ ਮਹਿੰਦਰ ਸਿੰਘ ਧੋਨੀ ਦੀ ਵਿਕਟ ਉਨ੍ਹਾਂ ਨੂੰ ਮਿਲ ਗਈ। ਜੈਸਨ ਬਹਿਰਨਡ੍ਰੌਫ ਦੀ ਗੇਂਦ 'ਤੇ 33ਵੇਂ ਓਵਰ ਵਿਚ ਧੋਨੀ ਨੂੰ ਐੱਲ. ਬੀ. ਡਬਲਯੂ. ਆਊਟ ਦਿੱਤਾ ਗਿਆ ਸੀ ਜਦਕਿ ਟੀ. ਵੀ. ਰੀਪਲੇਅ ਵਿਚ ਲੱਗ ਰਿਹਾ ਸੀ ਕਿ ਗੇਂਦ ਨੇ ਲੈੱਗ ਸਟੰਪ ਦੇ ਬਾਹਰ ਟੱਪਾ ਖਾਧਾ ਸੀ। ਧੋਨੀ  ਡੀ. ਆਰ. ਐੱਸ. ਨਹੀਂ ਲੈ ਸਕਦਾ ਸੀ ਕਿਉਂਕ ਅੰਬਾਤੀ ਰਾਇਡੂ ਪਹਿਲਾਂ ਹੀ ਇਸ ਨੂੰ ਗੁਆ ਚੁੱਕਾ ਸੀ। ਧੋਨੀ ਦੇ ਆਊਟ ਹੋਣ ਨਾਲ ਉਸਦੀ ਰੋਹਿਤ ਸ਼ਰਮਾ ਨਾਲ 141 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। 
ਰਿਚਰਡਸਨ ਨੇ ਕਿਹਾ, ''ਇਕ ਦੌਰ ਅਜਿਹਾ ਸੀ ਜਦੋਂ ਉਹ ਚੰਗੀ ਸਾਂਝੇਦਾਰੀ ਨਿਭਾ ਰਹੇ ਸਨ ਤੇ ਇਸ ਨਾਲ ਮੈਚ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਸੀ ਪਰ ਧੋਨੀ ਦੀ ਆਊਟ ਹੋਣਾ ਸਾਡੇ ਲਈ ਚੰਗਾ ਰਿਹਾ ਤੇ ਇਸ ਤੋਂ ਬਾਅਦ ਅਸੀਂ ਲਗਾਤਾਰ ਵਿਕਟਾਂ ਹਾਸਲ ਕੀਤੀਆਂ।'' 
ਜ਼ਿਕਰਯੋਗ ਹੈ ਕਿ ਉਪ ਕਪਤਾਨ ਰੋਹਿਤ ਸ਼ਰਮਾ (133) ਦਾ ਸੈਂਕੜਾ ਵੀ ਭਾਰਤ ਨੂੰ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਸ਼ਨੀਵਾਰ ਨੂੰ ਜਿੱਤ ਨਹੀਂ ਦਿਵਾ ਸਕਿਆ ਤੇ ਮਹਿਮਾਨ ਟੀਮ 34 ਦੌੜਾਂ ਨਾਲ ਹਾਰ ਗਈ। ਆਸਟਰੇਲੀਆ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿਚ 5 ਵਿਕਟਾਂ 'ਤੇ 288 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਭਾਰਤੀ ਟੀਮ ਨਿਰਧਾਰਤ ਓਵਰਾਂ ਵਿਚ 9 ਵਿਕਟਾਂ ਗੁਆ ਕੇ 254 ਦੌੜਾਂ ਹੀ ਬਣਾ ਸਕੀ। ਇਸ ਹਾਰ ਦੇ ਨਾਲ ਹੀ ਭਾਰਤ ਤਿੰਨ ਮੈਚਾਂ ਦੀ ਸੀਰੀਜ਼ ਵਿਚ 0-1 ਨਾਲ ਪਿਛੜ ਗਿਆ।