ਆਪਣੀ ਕਪਤਾਨੀ ''ਚ ਲਏ ਗਏ ਧੋਨੀ ਦੇ ਉਹ 3 ਫੈਸਲੇ ਜਿਸ ਨੇ ਸਭ ਨੂੰ ਕੀਤਾ ਹੈਰਾਨ

05/11/2020 1:36:07 AM

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਇਕ ਅਜਿਹਾ ਨਾਂ ਜੋ ਭਾਰਤੀ ਟੀਮ 'ਚ ਇਕ ਧਾਕੜ ਵਿਕਟਕੀਪਰ ਬੱਲੇਬਾਜ਼ ਦੇ ਰੂਪ 'ਚ ਆਇਆ ਸੀ ਪਰ ਸ਼ਾਇਦ ਕਿਸੇ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਭਾਰਤੀ ਟੀਮ ਦਾ ਇਹ ਸਿਤਾਰਾ ਇਕ ਦਿਨ ਭਾਰਤੀ ਕ੍ਰਿਕਟ ਇਤਿਹਾਸ ਦਾ ਸਭ ਤੋਂ ਸਫਲ ਕਪਤਾਨ ਵੀ ਹੋਵੇਗਾ। ਧੋਨੀ ਦੀ ਕਪਤਾਨੀ 'ਚ ਭਾਰਤ ਨੇ 2007 ਟੀ-20 ਤੇ 2011 ਵਨ ਡੇ ਵਿਸ਼ਵ ਕੱਪ ਜਿੱਤਿਆ ਤੇ ਇਤਿਹਾਸ ਰਚਿਆ ਸੀ। ਇਸ ਦੇ ਨਾਲ ਹੀ ਧੋਨੀ ਨੇ 2013 'ਚ ਚੈਂਪੀਅਨਸ ਟਰਾਫੀ ਵੀ ਜਿੱਤੀ ਹੈ। ਇਹ ਹੁਣ ਤਕ ਕਿਸੇ ਵੀ ਕਪਤਾਨ ਦੇ ਲਈ ਸਭ ਤੋਂ ਵੱਡਾ ਕਾਰਨਾਮਾ ਹੈ। ਧੋਨੀ ਦੀ ਕਪਤਾਨੀ ਇਸ ਲਈ ਵੀ ਖਾਸ ਹੈ ਕਿਉਂਕਿ ਧੋਨੀ ਨੇ ਜੋ ਕਪਤਾਨੀ ਦੀ ਜਿੰਮੇਦਾਰੀ ਸੰਭਾਲੀ ਸੀ ਤਾਂ ਉਸ ਨੂੰ ਕੈਪਟਨ ਕੂਲ ਦੇ ਨਾਂ ਤੋਂ ਲੋਕ ਜਾਨਣ ਲੱਗੇ। ਕਾਰਨ ਸੀ ਧੋਨੀ ਵਿਕਟ ਦੇ ਪਿੱਛੇ ਚੁੱਪ ਰਹਿ ਕੇ ਪੂਰੀ ਰਣਨੀਤੀ ਬਣਾਉਣਾ ਤੇ ਆਖਰ 'ਚ ਟੀਮ ਨੂੰ ਜਿੱਤ ਹਾਸਲ ਕਰਵਾਉਣਾ।


ਕਪਤਾਨ ਦੇ ਤੌਰ 'ਤੇ ਧੋਨੀ ਨੇ ਕਈ ਵੱਡੇ ਫੈਸਲੇ ਲਏ ਪਰ 3 ਫੈਸਲੇ ਅਜਿਹੇ ਸਨ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ—


1. ਪਾਕਿਸਤਾਨ ਵਿਰੁੱਧ ਟੀ-20 ਵਿਸ਼ਵ ਕੱਪ 'ਚ ਰੌਬਿਨ ਉਥੱਪਾ ਤੋਂ ਗੇਂਦ ਕਰਵਾਉਣਾ
ਸਾਲ 2007 ਟੀ-20 ਵਿਸ਼ਵ ਕੱਪ ਅੱਜ ਵੀ ਕੋਈ ਭੁਲਾ ਨਹੀਂ ਸਕਿਆ। ਉਹ ਧੋਨੀ ਦੀ ਹੀ ਕਪਤਾਨੀ ਸੀ, ਜਿਸ 'ਚ ਭਾਰਤੀ ਟੀਮ ਨੇ ਪਹਿਲੀ ਵਾਰ ਟੀ-20 ਖਿਤਾਬ 'ਤੇ ਕਬਜ਼ਾ ਕੀਤਾ ਸੀ। ਪਾਕਿਸਤਾਨ ਦੇ ਨਾਲ ਮੁਕਾਬਲਾ ਚੱਲ ਰਿਹਾ ਸੀ ਤਾਂ ਆਖਰ 'ਚ ਇਹ ਮੈਚ ਟਾਈ ਹੋ ਗਿਆ। ਇਸ ਤੋਂ ਬਾਅਦ ਟਾਈ ਬ੍ਰੇਕਰ ਦੇ ਰੂਪ 'ਚ ਗੇਂਦ ਆਊਟ ਨਿਯਮ ਨੂੰ ਵਿਚ ਲਿਆਂਦਾ ਗਿਆ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਕ੍ਰਿਕਟਰਸ ਨੇ ਗੇਂਦ ਨੂੰ ਖਾਲੀ ਸਟੱਪਸ 'ਤੇ ਮਾਰਨੀ ਸੀ। ਤੇ ਭਾਰਤ ਵਲੋਂ ਧੋਨੀ ਨੇ ਉਨ੍ਹਾਂ ਗੇਂਦਬਾਜ਼ਾਂ ਨੂੰ ਤਾਂ ਗੇਂਦ ਦਿੱਤੀ ਹੀ ਸੀ ਪਰ ਰੌਬਿਨ ਉਥੱਪਾ ਨੂੰ ਉਸ ਅਹਿਮ ਮੈਚ 'ਚ ਗੇਂਦ ਦੇਣ ਵਾਲੇ ਪਲ ਸਭ ਨੂੰ ਹੈਰਾਨ ਕਰਨ ਵਾਲਾ ਸੀ। ਰੌਬਿਨ ਨੂੰ ਅੱਜ ਤਕ ਦੁਨੀਆ ਨੇ ਗੇਂਦਬਾਜ਼ੀ ਕਰਦੇ ਹੋਏ ਨਹੀਂ ਦੇਖਿਆ ਸੀ ਪਰ ਧੋਨੀ ਦੀ ਕਪਤਾਨੀ 'ਚ ਉਹ ਵੀ ਮੁਮਕਿਨ ਹੋਇਆ ਤੇ ਰਾਬਿਨ ਨੇ ਗੇਂਦ ਸਿੱਧੇ ਸਟੱਪਸ 'ਤੇ ਵੀ ਮਾਰੀ।


2. ਪਾਕਿਸਤਾਨ ਵਿਰੁੱਧ ਟੀ-20 ਫਾਈਨਲ 'ਚ ਜੋਗਿੰਦਰ ਸ਼ਰਮਾ ਤੋਂ ਗੇਂਦਬਾਜ਼ੀ
ਟੀ-20 ਵਿਸ਼ਵ ਕੱਪ ਫਾਈਨਲ ਮੁਕਾਬਲਾ ਤੇ ਆਹਮੋ-ਸਾਹਮਣੇ ਭਾਰਤ-ਪਾਕਿਸਤਾਨ ਦੀਆਂ ਟੀਮਾਂ। ਦੋਵੇਂ ਟੀਮਾਂ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ ਬਰਕਰਾਰ ਸੀ। ਪਾਕਿਸਤਾਨ ਨੂੰ ਆਖਰੀ ਓਵਰ 'ਚ ਜਿੱਤ ਦੇ ਲਈ 13 ਦੌੜਾਂ ਚਾਹੀਦੀਆਂ ਸਨ। ਭਾਰਤ ਵਲੋਂ ਜੋ ਗੇਂਦਬਾਜ਼ ਸਭ ਤੋਂ ਮਹਿੰਗਾ ਸਾਬਤ ਹੋਇਆ ਸੀ ਧੋਨੀ ਨੇ ਉਸ ਨੂੰ ਹੀ ਗੇਂਦ ਕਰਵਾਉਣ ਲਈ ਕਿਹਾ। ਪੂਰੇ ਦੇਸ਼ ਦੀਆਂ ਧੜਕਣਾਂ ਤੇਜ਼ ਹੋ ਗਈਆਂ ਪਰ ਆਖਰ 'ਚ ਜੋਗਿੰਦਰ ਨੇ ਹੀ ਮਿਸਬਾਹ ਨੂੰ ਆਊਟ ਕਰ ਭਾਰਤੀ ਟੀਮ ਨੂੰ ਵਿਸ਼ਵ ਕੱਪ 2007 ਦਾ ਚੈਂਪੀਅਨ ਬਣਾ ਦਿੱਤਾ।


3. ਡੈਬਿਊ ਟੈਸਟ 'ਚ ਹੀ ਚੇਤੇਸ਼ਵਰ ਪੁਜਾਰਾ ਨੂੰ ਦ੍ਰਾਵਿੜ ਤੋਂ ਪਹਿਲਾਂ ਬੱਲੇਬਾਜ਼ੀ ਕਰਵਾਉਣਾ
ਚੇਤੇਸ਼ਵਰ ਪੁਜਾਰਾ ਨੂੰ ਅੱਜ ਭਾਰਤੀ ਟੀਮ ਦਾ ਟੈਸਟ ਸਪੈਸ਼ਲਿਸਟ ਕਿਹਾ ਜਾਂਦਾ ਹੈ ਪਰ ਪਹਿਲੇ ਹੀ ਮੈਚ ਦੀ ਪਹਿਲੀ ਪਾਰੀ 'ਚ ਭਾਵ ਕੀ ਬੈਂਗਲੁਰੂ ਟੈਸਟ 'ਚ ਪੁਜਾਰਾ ਫਲਾਪ ਰਹੇ ਸਨ। ਦੂਜੀ ਪਾਰੀ 'ਚ ਧੋਨੀ ਨੇ ਇਕ ਵਾਰ ਫਿਰ ਆਪਣੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਤੇ ਪੁਜਾਰਾ ਦ੍ਰਾਵਿੜ ਤੋਂ ਪਹਿਲਾਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਭੇਜ ਦਿੱਤਾ। ਪੁਜਾਰਾ ਨੇ 72 ਦੌੜਾਂ ਦੀ ਪਾਰੀ ਖੇਡੀ ਤੇ ਭਾਰਤੀ ਟੀਮ ਉਹ ਮੈਚ ਜਿੱਤ ਗਈ।

Gurdeep Singh

This news is Content Editor Gurdeep Singh