ਭਾਰਤੀ ਟੀਮ ’ਚ ਆਪਣੇ ਭਵਿੱਖ ’ਤੇ ਧਵਨ ਦਾ ਬਿਆਨ, ਦੱਸਿਆ ਕਦੋਂ ਤੱਕ ਖੇਡ ਸਕਦੇ ਹਨ

05/21/2022 5:01:30 PM

ਸਪੋਰਟਸ ਡੈਸਕ—ਸ਼ਿਖਰ ਧਵਨ ਭਾਰਤ ਦੀ ਵਨ ਡੇ ਟੀਮ ਦਾ ਅਹਿਮ ਮੈਂਬਰ ਹੈ ਪਰ ਉਸ ਦਾ ਮੰਨਣਾ ਹੈ ਕਿ ਉਸ ਕੋਲ ਟੀ-20 ਫਾਰਮੈੱਟ ’ਚ ਅਜੇ ਵੀ ਬਹੁਤ ਕੁਝ ਪੇਸ਼ ਕਰਨ ਲਈ ਹੈ, ਜਿੱਥੇ ਉਸ ਨੂੰ ਘੱਟ ਤੋਂ ਘੱਟ ਅਗਲੇ ਤਿੰਨ ਸਾਲਾਂ ਤੱਕ ਆਪਣੀ ਖੇਡ ਜਾਰੀ ਰੱਖਣ ਦੀ ਉਮੀਦ ਹੈ। 36 ਸਾਲਾ ਖਿਡਾਰੀ ਨੇ ਆਈ. ਪੀ. ਐੱਲ. 2022 ’ਚ ਪੰਜਾਬ ਕਿੰਗਜ਼ ਲਈ ਇਕ ਮੈਚ ਬਾਕੀ ਰਹਿੰਦਿਆਂ 421 ਦੌੜਾਂ ਬਣਾਈਆਂ ਹਨ। ਧਵਨ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਲਾਂਕਿ ਮੈਂ ਟੀਮ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹਾਂ, ਫਿਰ ਵੀ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਤਜਰਬੇ ਕਾਰਨ ਸਭ ਤੋਂ ਛੋਟੇ ਫਾਰਮੈੱਟ ’ਚ ਯੋਗਦਾਨ ਦੇ ਸਕਦਾ ਹਾਂ। ਮੈਂ ਟੀ-20 ਫਾਰਮੈੱਟ ’ਚ ਚੰਗਾ ਪ੍ਰਦਰਸ਼ਨ ਕਰ ਰਿਹਾ ਹਾਂ। ਮੈਨੂੰ ਜੋ ਵੀ ਭੂਮਿਕਾ ਦਿੱਤੀ ਗਈ ਹੈ, ਮੈਂ ਉਸ ਨੂੰ ਬਾਖੂਬੀ ਨਿਭਾਇਆ ਹੈ।

ਮੈਂ ਜਿਸ ਫਾਰਮੈੱਟ ’ਚ ਖੇਡ ਰਿਹਾ ਹਾਂ, ਉਸ ’ਚ ਲਗਾਤਾਰਤਾ ਬਣਾਈ ਰੱਖਣ ’ਚ ਕਾਮਯਾਬ ਰਿਹਾ ਹਾਂ, ਭਾਵੇਂ ਉਹ ਆਈ.ਪੀ.ਐੱਲ. ਹੋਵੇ ਜਾਂ ਘਰੇਲੂ ਪੱਧਰ ਤੇ ਮੈਂ ਇਸ ਦਾ ਆਨੰਦ ਲੈ ਰਿਹਾ ਹਾਂ। ਨਿਰੰਤਰਤਾ ਦਾ ਮਤਲਬ ਸਿਰਫ਼ ਅਰਧ-ਸੈਂਕੜਾ ਜਾਂ ਸੈਂਕੜਾ ਬਣਾਉਣਾ ਹੀ ਨਹੀਂ ਹੈ, ਸਗੋਂ ਸਕੋਰਾਂ ਵਿਚਕਾਰ ਅੰਤਰ ਨੂੰ ਬਰਕਰਾਰ ਰੱਖਣਾ ਵੀ ਹੈ। ਰਾਹੁਲ ਦ੍ਰਾਵਿੜ ਨੂੰ ਭਾਰਤੀ ਟੀਮ ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਦਿੱਤੇ ਜਾਣ ਤੋਂ ਪਹਿਲਾਂ ਸ਼ਿਖਰ ਧਵਨ ਦੀ ਅਗਵਾਈ ਵਾਲੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ, ਜਿਸ ਨੇ ਸ਼੍ਰੀਲੰਕਾ ਦੇ ਖਿਲਾਫ ਟੀ-20 ਅਤੇ ਵਨ ਡੇ ਮੈਚ ਖੇਡੇ ਸਨ। ਭਾਰਤ ਨੇ ਟੀ-20 ਸੀਰੀਜ਼ 2-1 ਨਾਲ ਜਿੱਤੀ, ਜਦਕਿ ਵਨ ਡੇ ਸੀਰੀਜ਼ ਹਾਰ ਗਈ ਪਰ ਉਸ ਨੇ ਕਿਹਾ ਕਿ ਉਹ ਭਵਿੱਖ ਨੂੰ ਲੈ ਕੇ ਸਾਕਾਰਾਤਮਕ ਹੈ ਅਤੇ ਚੋਣਕਾਰਾਂ ਦੇ ਫ਼ੈਸਲੇ ਦਾ ਇੰਤਜ਼ਾਰ ਕਰੇਗਾ।

ਭਾਰਤੀ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਮੈਂ ਬਹੁਤ ਸਾਕਾਰਾਤਮਕ ਹਾਂ। ਪਿਛਲੇ ਸਾਲ ਟੀਮ ਦੀ ਅਗਵਾਈ ਕਰਨਾ ਮੇਰੇ ਲਈ ਸੁਫ਼ਨੇ ਦੇ ਸਾਕਾਰ ਹੋਣ ਵਰਗਾ ਸੀ। ਟੀ-20 ਵਿਸ਼ਵ ਕੱਪ ਲਈ ਉਸ ਨੇ ਮਹਿਸੂਸ ਕੀਤਾ ਕਿ ਖਿਡਾਰੀ (ਚੁਣੇ ਗਏ) ਮੇਰੇ ਨਾਲੋਂ ਬਿਹਤਰ ਤੇ ਚੰਗੇ ਹਨ। ਚੋਣਕਾਰ, ਜੋ ਵੀ ਫ਼ੈਸਲਾ ਲੈਣ, ਮੈਂ ਉਸ ਦਾ ਸਨਮਾਨ ਕਰਦਾ ਹਾਂ। ਜ਼ਿੰਦਗੀ ’ਚ ਅਜਿਹਾ ਹੁੰਦਾ ਹੈ। ਤੁਸੀਂ ਇਸ ਨੂੰ ਸਵੀਕਾਰ ਕਰੋ ਅਤੇ ਆਪਣਾ ਕੰਮ ਕਰਦੇ ਰਹੋ। ਮੈਂ ਸਿਰਫ਼ ਉਸ ਚੀਜ਼ ’ਤੇ ਧਿਆਨ ਕੇਂਦ੍ਰਿਤ ਕਰਦਾ ਹਾਂ, ਜੋ ਮੇਰੇ ਕੰਟਰੋਲ ’ਚ ਹੈ ਅਤੇ ਮੈਂ ਆਉਣ ਵਾਲੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੋਸ਼ਿਸ਼ ਕਰਦਾ ਹਾਂ।
 

Manoj

This news is Content Editor Manoj