ਬੈਨ ਹਟਾਉਣ ਦੇ ਬਾਵਜੂਦ ਰੂਸੀ ਐਥਲੀਟਾਂ ਨੂੰ ਓਲੰਪਿਕ ''ਚ ਬੁਲਾਵਾ ਨਹੀਂ

02/06/2018 3:40:18 AM

ਪਿਓਂਗਯੋਂਗ— ਦੁਨੀਆ ਦੀ ਸਭ ਤੋਂ ਵੱਡੀ ਖੇਡ ਅਦਾਲਤ ਕੈਸ ਵਲੋਂ 15 ਰੂਸੀ ਐਥਲੀਟਾਂ ਤੇ ਕੋਚਾਂ ਦੀ ਮੁਅੱਤਲੀ ਹਟਾਏ ਜਾਣ ਦੇ ਬਾਵਜੂਦ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਵਲੋਂ ਉਨ੍ਹਾਂ ਨੂੰ ਪਿਓਂਗਯੋਂਗ ਵਿੰਟਰ ਓਲੰਪਿਕ ਖੇਡਾਂ 'ਚ ਸੱਦਾ ਨਹੀਂ ਦਿੱਤਾ ਗਿਆ ਹੈ।
ਆਈ. ਓ. ਸੀ. ਨੇ ਸੋਮਵਾਰ ਇਸ ਦੀ ਜਾਣਕਾਰੀ ਦਿੱਤੀ। ਪਿਛਲੇ ਹਫਤੇ ਖੇਡ ਪੰਚਾਟ ਨੇ ਰੂਸ ਦੇ 28 ਰੂਸੀ ਐਥਲੀਟਾਂ ਵਿਰੁੱਧ ਪੁਖਤਾ ਸਬੂਤ ਨਾ ਹੋਣ ਦੀ ਸਥਿਤੀ ਵਿਚ ਉਨ੍ਹਾਂ ਉਪਰੋਂ ਲਾਈਫ ਟਾਈਮ ਪਾਬੰਦੀ ਨੂੰ ਹਟਾ ਦਿੱਤਾ ਸੀ। ਇਨ੍ਹਾਂ 'ਚੋਂ ਹਾਲਾਂਕਿ 11 ਰੂਸੀ ਐਥਲੀਟਾਂ ਦੇ ਡੋਪਿੰਗ ਦੀ ਗੱਲ ਸਾਹਮਣੇ ਆਈ ਸੀ, ਜਿਨ੍ਹਾਂ 'ਤੇ ਲੱਗੀ ਪਾਬੰਦੀ ਨੂੰ ਪਿਓਂਗਯੋਂਗ ਓਲੰਪਿਕ ਤਕ ਸੀਮਤ ਕਰ ਦਿੱਤਾ ਗਿਆ ਸੀ।
ਆਈ. ਓ. ਸੀ. ਨੇ ਸਰਕਾਰ ਸਪਾਂਸਰ ਡੋਪਿੰਗ ਦੇ ਦੋਸ਼ਾਂ ਦੇ ਤਹਿਤ ਰੂਸ 'ਤੇ 9 ਤੋਂ 25 ਫਰਵਰੀ ਤਕ ਦੱਖਣੀ ਕੋਰੀਆ ਦੇ ਪਿਓਂਗਯੋਂਗ 'ਚ ਚੱਲਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ 'ਚ ਰੋਕ ਲਾਈ ਹੋਈ ਹੈ, ਹਾਲਾਂਕਿ ਕੁਝ ਰੂਸੀ ਐਥਲੀਟਾਂ ਨੂੰ ਆਜ਼ਾਦ ਖਿਡਾਰੀਆਂ ਦੇ ਰੂਪ 'ਚ ਉਤਰਨ ਦੀ ਮਨਜ਼ੂਰੀ ਦਿੱਤੀ ਹੈ।