ਸ਼ਮੀ ਦੇ IPL ਖੇਡਣ ''ਤੇ ਦਿੱਲੀ ਡੇਅਰਡੇਵਿਲਸ ਨੇ ਦਿੱਤਾ ਵੱਡਾ ਬਿਆਨ

03/10/2018 1:38:51 PM

ਨਵੀਂ ਦਿੱਲੀ (ਬਿਊਰੋ)— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਪਹਿਲਾਂ ਹੀ ਉਨ੍ਹਾਂ ਦਾ ਸੈਂਟਰਲ ਕਾਂਟਰੈਕਟ ਰੋਕ ਚੁੱਕਿਆ ਹੈ, ਕਿਉਂਕਿ ਪੁਲਸ ਘਰੇਲੂ ਹਿੰਸਾ ਦੇ ਦੋਸ਼ਾਂ ਦੀ ਆਪਣੀ ਜਾਂਚ ਛੇਤੀ ਸ਼ੁਰੂ ਕਰ ਸਕਦੀ ਹੈ। ਹੁਣ ਇੰਡੀਅਨ ਪ੍ਰੀਮੀਅਰ ਲੀਗ ਵਿਚ ਸ਼ਮੀ ਨੂੰ ਖਰੀਦਣ ਵਾਲੀ ਫਰੈਂਚਾਇਜੀ ਦਿੱਲੀ ਡੇਅਰਡੇਵਿਲਸ ਵੀ ਮੁਹੰਮਦ ਸ਼ਮੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਦਰਮਿਆਨ ਦਾ ਇਹ ਵਿਵਾਦ ਜਲਦੀ ਹੀ ਨਹੀਂ ਸੁਲਝਦਾ ਤਾਂ ਸ਼ਮੀ ਦਾ ਆਈ.ਪੀ.ਐੱਲ. ਵਿਚ ਖੇਡਣਾ ਸ਼ੱਕੀ ਹੋ ਸਕਦਾ ਹੈ। ਦੱਸ ਦਈਏ ਕਿ ਦਿੱਲੀ ਨੇ ਨਿਲਾਮੀ ਵਿਚ ਮੁਹੰਮਦ ਸ਼ਮੀ ਨੂੰ 3 ਕਰੋੜ ਰੁਪਏ ਵਿਚ ਖਰੀਦਿਆ ਸੀ।

ਆਈ.ਪੀ.ਐੱਲ. ਖੇਡਣ 'ਤੇ ਲੱਗ ਸਕਦੀ ਪਾਬੰਦੀ
ਫਰੈਂਚਾਇਜੀ ਦੇ ਇਕ ਅਧਿਕਾਰੀ ਨੇ ਕਿਹਾ, ''ਡੇਅਰਡੇਵਿਲਸ ਪ੍ਰਬੰਧਨ ਇਸ ਮਾਮਲੇ ਵਿਚ ਇਕਪਾਸੜ ਫੈਸਲਾ ਨਹੀਂ ਕਰ ਸਕਦਾ ਹੈ। ਆਈ.ਪੀ.ਐੱਲ. ਵਿਚ ਖੇਡਣ ਵਾਲੇ ਹਰ ਇਕ ਖਿਡਾਰੀ ਦਾ ਤਿੰਨ ਪੱਧਰੀ ਕਰਾਰ ਹੁੰਦਾ ਹੈ ਜਿਸ ਵਿਚ ਬੀ.ਸੀ.ਸੀ.ਆਈ., ਫਰੈਂਚਾਇਜੀ ਅਤੇ ਖਿਡਾਰੀ ਸ਼ਾਮਲ ਹੁੰਦਾ ਹੈ। ਅਸੀਂ ਇਸ ਸੰਵੇਦਨਸ਼ੀਲ ਹਾਲਤ ਤੋਂ ਜਾਣੂ ਹਾਂ ਅਤੇ ਬੀ.ਸੀ.ਸੀ.ਆਈ. ਦੇ ਸਿਖਰ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਾਂ।''

ਸ਼ਮੀ 'ਤੇ ਅਲੱਗ-ਅਲੱਗ ਧਾਰਾਵਾਂ ਦੇ ਚੱਲਦੇ ਮਾਮਲਾ ਦਰਜ
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਖਿਲਾਫ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਸ਼ਮੀ (27) ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ ਖਿਲਾਫ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਗ ਕਰਨ ਅਤੇ ਨਿਜਾਇਜ਼ ਸੰਬੰਧ ਰੱਖਣ ਦੀ ਸ਼ਿਕਾਇਤ ਦਰਜ ਕਰਾਈ ਹੈ। ਜਾਧਵਪੁਰ ਪੁਲਸ ਸਟੇਸ਼ਨ ਵਿਚ ਦਰਜ ਐਫ.ਆਈ.ਆਰ. ਮੁਤਾਬਕ, ਸ਼ਮੀ ਅਤੇ ਚਾਰ ਹੋਰਨਾਂ ਖਿਲਾਫ ਹੱਤਿਆ ਦੀ ਕੋਸ਼ਿਸ਼, ਰੇਪ, ਧਮਕੀ ਅਤੇ ਸੱਟ ਪਹੁੰਚਾਉਣ ਦੀ ਕੋਸ਼ਿਸ਼ ਸਹਿਤ ਭਾਰਤੀ ਸਜ਼ਾ ਸੰਹਿਤਾ ਦੀ ਅਲੱਗ-ਅਲੱਗ ਧਾਰਾਵਾਂ ਵਿਚ ਮਾਮਲੇ ਦਰਜ ਕੀਤੇ ਗਏ ਹਨ।