ਰਣਜੀ ਟਰਾਫੀ ''ਚ ਦਿੱਲੀ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ, ਧਵਨ ਬਣੇ ''ਮੈਨ ਆਫ ਦਿ ਮੈਚ''

12/29/2019 1:06:09 PM

ਸਪੋਰਟਸ ਡੈਸਕ— ਦਿੱਲੀ ਨੇ ਰਣਜੀ ਟਰਾਫੀ ਦੇ ਗਰੁੱਪ-ਏ ਤੇ ਬੀ ਮੁਕਾਬਲੇ ਵਿਚ ਹੈਦਰਾਬਾਦ ਤੋਂ ਮਿਲੇ 84 ਦੌੜਾਂ ਦੇ ਮਾਮੂਲੀ ਟੀਚੇ ਨੂੰ ਮੈਚ ਦੇ ਚੌਥੇ ਤੇ ਆਖਰੀ ਦਿਨ ਸ਼ਨੀਵਾਰ 27.5 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਕੇ ਜਿੱਤ ਦੀ ਰਸਮ ਪੂਰੀ ਕਰ ਕੇ ਸੱਤ ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਦਿੱਲੀ ਨੂੰ 6 ਅੰਕ ਮਿਲੇ।

ਇਥੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਦਿੱਲੀ ਨੇ ਚੌਥੇ ਦਿਨ ਦੀ ਸਵੇਰ ਆਪਣੀ ਪਾਰੀ ਦੀ ਸ਼ੁਰੂਆਤ ਬਿਨਾਂ ਕਿਸੇ ਨੁਕਸਾਨ ਦੇ 24 ਦੌੜਾਂ ਤੋਂ ਅੱਗੇ ਵਧਾਉਂਦਿਆਂ ਕੀਤੀ ਸੀ। ਉਸ ਸਮੇਂ ਕਪਤਾਨ ਸ਼ਿਖਰ ਧਵਨ 15 ਦੌੜਾਂ ਤੇ ਕਰੁਣਾਲ ਚੰਦੀਲਾ 6 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਚੰਦੀਲਾ ਆਪਣੇ ਕੱਲ ਦੇ ਸਕੋਰ ਵਿਚ ਕੋਈ ਵਾਧਾ ਨਹੀਂ ਕਰ ਸਕਿਆ ਤੇ ਮੁਹੰਮਦ ਸਿਰਾਜ ਹੱਥੋਂ ਆਊਟ ਹੋਇਆ।

ਪਹਿਲੀ ਪਾਰੀ ਦਾ ਸੈਂਕੜਾਧਾਰੀ ਸ਼ਿਖਰ ਵੀ ਸਕੋਰ ਵਿਚ ਕੁਝ ਖਾਸ ਵਾਧਾ ਨਹੀਂ ਕਰ ਸਕਿਆ ਤੇ 43 ਗੇਂਦਾਂ ਵਿਚ ਦੋ ਚੌਕਿਆਂ ਦੀ ਮਦਦ ਨਾਲ 21 ਦੌੜਾਂ ਬਣਾ ਸਕਿਆ। ਇਸ ਤੋਂ ਬਾਅਦ ਧਰੁਵ ਸ਼ੋਰੀ ਨੇ ਅਜੇਤੂ 32 ਦੌੜਾਂ ਬਣਾ ਕੇ ਜਿੱਤ ਦੀ ਰਸਮ ਪੂਰੀ ਕੀਤੀ। ਪਹਿਲੀ ਪਾਰੀ ਵਿਚ ਦਿੱਲੀ ਲਈ 140 ਦੌੜਾਂ ਬਣਾਉਣ ਵਾਲੇ ਸ਼ਿਖਰ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।