ਦਿੱਲੀ ਤੇ ਰਾਜਸਥਾਨ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

01/26/2018 2:34:43 AM

ਕੋਲਕਾਤਾ— ਦਿੱਲੀ ਨੇ ਆਖਰੀ ਓਵਰ ਤਕ ਚੱਲੇ ਇਕ ਰੋਮਾਂਚਕ ਮੁਕਾਬਲੇ ਵਿਚ ਵੀਰਵਾਰ ਨੂੰ ਇੱਥੇ ਉੱਤਰ ਪ੍ਰਦੇਸ਼ ਨੂੰ 3 ਦੌੜਾਂ ਨਾਲ ਹਰਾ ਕੇ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ  ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਮੁਕਾਬਲਾ ਕੱਲ ਰਾਜਸਥਾਨ ਨਾਲ ਹੋਵੇਗਾ। ਰਾਜਸਥਾਨ ਇਕ ਹੋਰ ਮੈਚ ਵਿਚ ਪੰਜਾਬ ਤੋਂ 5 ਦੌੜਾਂ ਨਾਲ ਹਾਰ ਗਿਆ ਸੀ ਪਰ ਬਿਹਤਰ ਰਨ ਰੇਟ ਦੇ ਆਧਾਰ 'ਤੇ ਉਹ ਸੁਪਰ ਲੀਗ ਗਰੁੱਪ-ਏ ਅੰਕ ਸੂਚੀ ਵਿਚ ਚੋਟੀ 'ਤੇ ਰਹਿ ਕੇ ਫਾਈਨਲ ਵਿਚ ਪਹੁੰਚ ਗਿਆ। ਪੰਜਾਬ ਦੇ ਵੀ ਰਾਜਸਥਾਨ ਦੇ ਬਰਾਬਰ 12 ਅੰਕ ਹਨ।
ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਸਾਹਮਣੇ ਹਾਲਾਂਕਿ ਰਨ ਰੇਟ ਮਾਮਲਾ ਨਹੀਂ ਸੀ ਤੇ ਇਸ ਮੈਚ ਵਿਚ ਜਿੱਤ ਦਰਜ ਕਰਨ ਵਾਲੀ ਟੀਮ ਫਾਈਨਲ ਵਿਚ ਪਹੁੰਚ ਗਈ। ਦਿੱਲੀ ਨੇ ਆਖਿਰ ਵਿਚ ਚਾਰ ਮੈਚਾਂ ਵਿਚੋਂ 12 ਅੰਕ ਹਾਸਲ ਕਰ ਕੇ ਖਿਤਾਬ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਦਿੱਲੀ ਨੇ ਜਾਧਵਪੁਰ ਯੂਨਵਰਸਿਟੀ ਕੰਪਲੈਕਸ ਮੈਦਾਨ 'ਤੇ ਖੇਡੇ ਗਏ  ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ 'ਤੇ 140 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਉੱਤਰ ਪ੍ਰਦੇਸ਼ ਦੀ ਟੀਮ ਆਖਰੀ ਗੇਂਦ ਤਕ ਚੱਲੇ ਮੈਚ ਵਿਚ 137 ਦੌੜਾਂ 'ਤੇ ਆਊਟ ਹੋ ਗਈ। ਉੱਧਰ ਈਡਨ ਗਾਰਡਨ 'ਤੇ ਗਰੁੱਪ-ਏ ਮੈਚ ਵਿਚ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 9 ਵਿਕਟਾਂ 'ਤੇ 129 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਰਾਜਸਥਾਨ 8 ਵਿਕਟਾਂ 'ਤੇ 124 ਦੌੜਾਂ ਹੀ ਬਣਾ ਸਕੀ।