ਇਥੋਪੀਆ ਦੇ ਲੇਗੀਜ ਤੇ ਅਯਾਨਾ ਨੇ ਜਿੱਤੀ ਦਿੱਲੀ ਹਾਫ ਮੈਰਾਥਨ

11/20/2017 12:07:32 AM

ਨਵੀਂ ਦਿੱਲੀ— ਇਥੋਪੀਆ ਦੇ ਬਰਹਾਨੂ ਲੇਗੀਜ ਤੇ ਅਲਮਾਜ ਅਯਾਨਾ ਨੇ ਇਥੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਐਤਵਾਰ ਨੂੰ ਹੋਈ ਵੱਕਾਰੀ ਏਅਰਟੈੱਲ ਦਿੱਲੀ ਹਾਫ ਮੈਰਾਥਨ ਦੇ 10ਵੇਂ ਸੈਸ਼ਨ 'ਚ ਕ੍ਰਮਵਾਰ ਪੁਰਸ਼ ਤੇ ਮਹਿਲਾ ਪ੍ਰਤੀਯੋਗਿਤਾ 'ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ। ਲੇਗੀਜ ਨੇ 59 ਮਿੰਟ 46 ਸੈਕੰਡ 'ਚ 21.097 ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਇਥੋਪੀਆ ਦੇ ਹੀ ਅੰਦਮਲਾਕ ਬੇਲਿਹੂ 59.51 ਸੈਕੰਡ ਨਾਲ ਦੂਜੇ ਤੇ ਅਮਰੀਕਾ ਦਾ ਲਿਓਨਾਰਦ ਕੋਰਿਰ 59.52 ਸੈਕੰਡ ਨਾਲ ਤੀਜੇ ਸਥਾਨ 'ਤੇ ਰਿਹਾ।
ਮਹਿਲਾਵਾਂ ਦੀ 21.097 ਕਿਲੋਮੀਟਰ ਪ੍ਰਤੀਯੋਗਿਤਾ 'ਚ 10,000 ਮੀਟਰ ਦੀ ਓਲੰਪਿਕ ਚੈਂਪੀਅਨ ਤੇ ਪਿਛਲੀ ਵਾਰ ਦੀ ਜੇਤੂ ਅਲਮਾਜ ਅਯਾਨਾ ਨੇ 1 ਘੰਟਾ 7 ਮਿੰਟ 11 ਸੈਕੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਇਥੋਪੀਆ ਦੀ ਹੀ ਏਬਾਬੇਲ ਯੇਸ਼ਾਨੇ 1 ਘੰਟਾ 7 ਮਿੰਟ 10 ਸੈਕੰਡ ਦੇ ਸਮੇਂ ਨਾਲ ਦੂਜੇ, ਜਦਕਿ ਨੇਤਸਾਨੇਤ ਗੁਡੇਟਾ 1 ਘੰਟਾ 7 ਮਿੰਟ 24 ਸੈਕੰਡ ਦਾ ਸਮਾਂ ਲੈ ਕੇ ਤੀਜੇ ਸਥਾਨ 'ਤੇ ਰਹੀ। 
ਰਾਜਧਾਨੀ ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਸਮੋਗ ਦੇ ਕਹਿਰ ਤੇ ਹਲਕੀ ਬੂੰਦਾਂ-ਬਾਦੀ ਤੋਂ ਬਾਅਦ ਸੁਧਰਦੇ ਮੌਸਮ ਵਿਚਾਲੇ ਐਤਵਾਰ ਦੀ ਸਵੇਰੇ 8 ਓਲੰਪਿਕ ਚੈਂਪੀਅਨ, ਕੌਮਾਂਤਰੀ ਦੌੜਾਕ, ਭਾਰਤੀ ਦੌੜਾਕ ਤੇ ਹਜ਼ਾਰਾਂ ਦਿੱਲੀ ਵਾਸੀਆਂ ਸਮੇਤ ਲੱਗਭਗ 35000 ਦੌੜਾਕਾਂ ਨੇ ਹਿੱਸਾ ਲਿਆ। ਰੇਸ ਸ਼ੁਰੂ ਹੋਣ ਤੋਂ ਪਹਿਲਾਂ ਤਨਜਾਨੀਆ ਦੇ ਐਥਲੀਟ ਇਸਮਾਈਲ ਜੁਯਾਲ ਲਈ ਇਕ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।