2020 ਓਲੰਪਿਕ ਤਕ ਨੰਦੀ ਰਹਿਣਗੇ ਦੀਪਾ ਦੇ ਕੋਚ

12/31/2017 1:22:34 AM

ਅਗਰਤਲਾ-ਤ੍ਰਿਪੂਰਾ ਸਰਕਾਰ ਨੇ ਜਿਮਨਾਸਟ ਦੀਪਾ ਕਰਮਾਕਰ ਦੀਆਂ 2020 ਟੋਕੀਓ ਓਲੰਪਿਕ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਉਸਦੇ ਕੋਚ ਬਿਸੇਸ਼ਵਰ ਨੰਦੀ ਦਾ ਕਾਰਜਕਾਲ ਵਧਾ ਦਿੱਤਾ ਹੈ। ਰਾਜ ਸਰਕਾਰ ਨੇ ਮੰਤਰੀ ਪ੍ਰੀਸ਼ਦ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ ਵਿਚ ਇਹ ਫੈਸਲਾ ਕੀਤਾ। ਸੂਚਨਾ ਮੰਤਰੀ ਭਾਨੂ ਲਾਲ ਸਾਹਾ ਨੇ ਦੱਸਿਆ ਕਿ ਨੰਦੀ ਦਾ ਕਾਰਜਕਾਲ ਦੀਪਾ ਦੀਆਂ ਤਿਆਰੀਆਂ ਲਈ ਕਾਫੀ ਮਹੱਤਵਪੂਰਨ ਹੈ। 
ਨੰਦੀ ਦੀ ਕੋਚਿੰਗ ਵਿਚ ਦੀਪਾ ਰੀਓ ਓਲੰਪਿਕ ਦੇ ਫਾਈਨਲ ਵਿਚ ਪਹੁੰਚਣ ਵਾਲੀ ਭਾਰਤ ਦੀ ਇਕਲੌਤੀ ਜਿਮਨਾਸਟ ਸੀ ਤੇ ਕਾਫੀ ਘੱਟ ਫਰਕ ਨਾਲ ਉਹ ਤਮਗੇ ਤੋਂ ਖੁੰਝ ਗਈ ਸੀ। ਉਹ 50 ਸਾਲਾਂ ਵਿਚ ਪਹਿਲੀ ਜਿਮਨਾਸਟ ਰਹੀ, ਜਿਸ ਨੇ ਓਲੰਪਿਕ ਵਿਚ ਹਿੱਸਾ ਲਿਆ। ਨੰਦੀ ਨੂੰ ਉਨ੍ਹਾਂ ਦੀ ਮਿਹਨਤ ਲਈ ਗੁਰੂਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਟਰੀ ਪੁਰਸਕਾਰ ਦ੍ਰੋਣਾਚਾਰੀਆ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।