ਟੀ-20 ਵਰਲਡ ਕੱਪ ਤੋਂ ਪਹਿਲਾਂ ਡਿਵਿਲੀਅਰਜ਼ ਦੀ ਹੋ ਸਕਦੀ ਹੈ ਵਾਪਸੀ, ਕੋਚ ਨੇ ਦਿੱਤਾ ਵੱਡਾ ਬਿਆਨ

12/15/2019 6:27:31 PM

ਜੋਹਾਂਸਬਰਗ : ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ ਨਵੇਂ ਬਣੇ ਮੁੱਖ ਕੋਚ ਮਾਰਕ ਬਾਊਚਰ ਨੇ ਕਿਹਾ ਕਿ ਉਹ ਏ. ਬੀ. ਡਿਵਿਲੀਅਰਜ਼ ਸਮੇਤ ਹਾਲ ਹੀ 'ਚ ਸੰਨਿਆਸ ਲੈਣ ਵਾਲੇ ਕੁਝ ਖਿਡਾਰੀਆਂ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਟੀਮ ਵਿਚ ਵਾਪਸੀ ਲਈ ਮਨਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਬਾਊਚਰ ਨੂੰ ਸ਼ਨੀਵਾਰ ਨੂੰ 2023 ਤਕ ਦੱਖਣੀ ਅਫਰੀਕਾ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਅਤੇ ਉਸ ਦਾ ਪਹਿਲਾ ਵੱਡਾ ਟੂਰਨਾਮੈਂਟ ਆਸਟਰੇਲੀਆ ਵਿਚ ਟੀ-20 ਵਰਲਡ ਕੱਪ ਹੋਵੇਗਾ, ਜਿਸ ਵਿਚ ਅਜੇ 10 ਮਹੀਨੇ ਦਾ ਸਮਾਂ ਬਚਿਆ ਹੈ।

ਮੀਡੀਆ ਨਾਲ ਗੱਲ ਕਰਦਿਆਂ ਬਾਊਚਰ ਨੇ ਕਿਹਾ, ''ਜਦੋਂ ਤੁਸੀਂ ਵਰਲਡ ਕੱਪ ਖੇਡਣ ਜਾਂਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਰਵਸ੍ਰੇਸ਼ਠ ਖਿਡਾਰੀ ਉਸ ਟੂਰਨਾਮੈਂਟ ਵਿਚ ਖੇਡਣ। ਜੇਕਰ ਮੈਂ ਮੰਨਦਾ ਹਾਂ ਕਿ ਉਹ (ਡਿਵਿਲੀਅਰਜ਼) ਸਾਡੇ ਸਰਵਸ੍ਰੇਸ਼ਠ ਖਿਡਾਰੀਆਂ ਵਿਚੋਂ ਇਕ ਹਨ ਤਾਂ ਮੈਂ ਉਸ ਦੇ ਨਾਲ ਗੱਲ ਕਿਉਂ ਨਹੀਂ ਕਰਨਾ ਚਾਹੁੰਗਾ। ਮੈਂ ਅਜੇ ਅਹੁਦਾ ਸੰਭਾਲਿਆ ਹੈ, ਮੈਂ ਕੁਝ ਖਿਡਾਰੀਆਂ ਦੇ ਨਾਲ ਗੱਲ ਕਰ ਸਕਦਾ ਹਾਂ ਅਤੇ ਦੇਖਾਂਗਾ ਕਿ ਉਹ ਕਿਸ ਸਥਿਤੀ ਵਿਚ ਹਨ।''



ਦੱ. ਅਫਰੀਕੀ ਟੀਮ ਦੇ ਨਵੇਂ ਬਣੇ ਕੋਚ ਨੇ ਕਿਹਾ, ''ਤੁਸੀਂ ਵਰਲਡ ਕੱਪ ਵਿਚ ਆਪਣੇ ਸਰਵਸ੍ਰੇਸ਼ਠ ਖਿਡਾਰੀ ਚਾਹੁੰਦੇ ਹੋ ਅਤੇ ਜੇਕਰ ਇਸ ਦੇ ਲਈ ਤੁਹਾਨੂੰ ਮੀਡੀਆ, ਟੀਮ ਦੇ ਸਾਥੀਆਂ ਨਾਲ ਕੁਝ ਮੁੱਦਿਆਂ ਨੂੰ ਸੁਲਝਾਉਣ ਦੀ ਜ਼ਰੂਰਤ ਪਵੇ ਅਤੇ ਇਹ ਦੱਖਣੀ ਅਫਰੀਕਾ ਲਈ ਚੰਗਾ ਹੋਵੇ ਤਾਂ ਫਿਰ ਅਜਿਹਾ ਕਿਉਂ ਨਾ ਕਰੀਏ।'' ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਡਿਵਿਲੀਅਰਜ਼ ਨੇ ਪਿਛਲੇ ਸਾਲ ਮਾਰਚ ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵੀਦਾ ਕਹਿ ਦਿੱਤਾ ਸੀ ਅਤੇ ਹੁਣ ਦੁਨੀਆ ਭਰ ਦੇ ਫ੍ਰੈਂਚਾਈਜ਼ੀ ਅਧਾਰਤ ਟੂਰਨਾਮੈਂਟਾਂ ਵਿਚ ਉਹ ਖੇਡ ਰਹੇ ਹਨ।