DC v SRH : ਦਿੱਲੀ ਦੀ ਸ਼ਾਨਦਾਰ ਜਿੱਤ, ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ

09/22/2021 10:57:02 PM

ਦੁਬਈ- ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ’ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਿਆ। ਲੀਗ ਦੇ ਪਹਿਲੇ ਪੜਾਅ ’ਚ 8 ’ਚੋਂ 6 ਮੈਚ ਜਿੱਤਣ ਵਾਲੀ ਦਿੱਲੀ ਨੇ ਉਸ ਲੈਅ ਨੂੰ ਕਾਇਮ ਰੱਖਦੇ ਹੋਏ ਗੇਂਦ ਤੇ ਬੱਲੇ ਦੋਨਾਂ ਨਾਲ ਸਨਰਾਈਜ਼ਰਜ਼ ਨੂੰ ਉੱਨੀਸ ਸਾਬਿਤ ਕਰ ਦਿੱਤਾ। ਉਸ ਦੇ ਤੇਜ਼ ਗੇਂਦਬਾਜ਼ਾਂ ਨੇ ਸਨਰਾਈਜ਼ਰਜ਼ ਨੂੰ 9 ਵਿਕਟਾਂ ’ਤੇ 134 ਦੌੜਾਂ ’ਤੇ ਰੋਕ ਦਿੱਤਾ।

ਇਹ ਵੀ ਪੜ੍ਹੋ IPL 2021 : ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ


ਜਵਾਬ ’ਚ ਬੱਲੇਬਾਜ਼ਾਂ ਨੇ 9 ਵਿਕਟਾਂ ਅਤੇ 13 ਗੇਂਦਾਂ ਬਾਕੀ ਰਹਿੰਦੇ 139 ਦੌੜਾਂ ਬਣਾ ਕੇ ਜਿੱਤ ਦਿਵਾਈ। ਸਰਜਰੀ ਕਾਰਨ ਪਹਿਲੇ ਪੜਾਅ ਤੋਂ ਬਾਹਰ ਰਹੇ ਸਾਬਕਾ ਕਪਤਾਨ ਅਈਅਰ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅਜੇਤੂ 47 ਦੌੜਾਂ ਬਣਾਈਆਂ। ਉਥੇ ਹੀ ਮੌਜੂਦਾ ਕਪਤਾਨ ਪੰਤ ਨੇ 21 ਗੇਂਦਾਂ ’ਤੇ 35 ਦੌੜਾਂ ਬਣਾਈਆਂ ਜਿਸ ’ਚ 3 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਦਿੱਲੀ ਨੇ ਆਪਣੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ (11) ਅਤੇ ਸ਼ਿਖਰ ਧਵਨ ਦੀਆਂ ਵਿਕਟਾਂ ਗੁਆਈਆਂ। ਧਵਨ ਨੇ 37 ਗੇਂਦਾਂ ’ਚ 42 ਦੌੜਾਂ ਬਣਾਈਆਂ ਜਿਸ ਵਿਚ ਉਸ ਨੇ 6 ਚੌਕੇ ਅਤੇ 1 ਛੱਕਾ ਜੜਿਆ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਸਨਰਾਈਜ਼ਰਜ਼ ਦੇ ਕਪਤਾਨ ਕੇਨ ਵਿਲੀਅਮਸਨ ਦਾ ਫੈਸਲਾ ਗਲਤ ਸਾਬਿਤ ਹੋਇਆ ਜਦੋਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਪਾਰੀ ਦੀ ਤੀਜੀ ਹੀ ਗੇਂਦ ’ਤੇ ਆਊਟ ਹੋ ਗਿਆ। ਉਸ ਸਮੇਂ ਸਕੋਰ ਬੋਰਡ ’ਤੇ ਇਕ ਵੀ ਦੌੜ ਨਹੀਂ ਟੰਗੀ ਸੀ।

ਇਹ ਵੀ ਪੜ੍ਹੋ IPL 2021 : ਪੁਆਇੰਟ ਟੇਬਲ 'ਚ ਰਾਜਸਥਾਨ ਦੀ ਸਥਿਤੀ ਮਜ਼ਬੂਤ, ਪਰਪਲ ਕੈਪ ਲਿਸਟ 'ਚ ਅਰਸ਼ਦੀਪ ਦੀ ਲੰਬੀ ਛਲਾਂਗ


ਇਸ ਤੋਂ ਬਾਅਦ ਰਿੱਧੀਮਾਨ ਸਾਹਾ (18) ਨੇ ਕਪਤਾਨ ਵਿਲੀਅਮਸਨ (18) ਦੇ ਨਾਲ 29 ਦੌੜਾਂ ਦੀ ਸਾਂਝੇਦਾਰੀ ਕੀਤੀ। ਕੈਗਿਸੋ ਰਬਾਡਾ ਨੇ ਸਾਹਾ ਨੂੰ ਮਿਡਵਿਕਟ ’ਤੇ ਸ਼ਿਖਰ ਧਵਨ ਦੇ ਹੱਥੋਂ ਕੈਚ ਕਰਵਾਇਆ। ਵਿਲੀਅਮਸਨ ਨੇ ਮਨੀਸ਼ ਪਾਂਡੇ ਦੇ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਤੀਜੀ ਵਿਕਟ ਦੀ ਸਾਂਝੇਦਾਰੀ ’ਚ 31 ਦੌੜਾਂ ਜੋੜੀਆਂ ਪਰ ਅਕਸ਼ਰ ਪਟੇਲ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸ ਨੇ ਵਿਲੀਅਮਸਨ ਨੂੰ ਲੋਂਗ ਆਫ ’ਤੇ ਸ਼ਿਮਰੋਨ ਹੇਟਮਾਇਰ ਦੇ ਹੱਥੋਂ ਕੈਚ ਕਰਵਾ ਕੇ ਸਨਰਾਈਜ਼ਰਜ਼ ਨੂੰ ਸਭ ਤੋਂ ਕਰਾਰਾ ਝਟਕਾ ਦਿੱਤਾ। ਪਾਂਡੇ ਵੀ 17 ਦੌੜਾਂ ਬਣਾ ਕੇ ਆਪਣੀ ਵਿਕਟ ਗੁਆ ਬੈਠਾ ਜਦਕਿ ਕੇਦਾਰ ਜਾਧਵ 3 ਹੀ ਦੌੜਾਂ ਜੋੜ ਸਕਿਆ। ਜੈਸਨ ਹੋਲਡਰ ਨੇ ਸਿਰਫ 10 ਦੌੜਾਂ ਦਾ ਯੋਗਦਾਨ ਦਿੱਤਾ। ਹੇਠਲੇ ਕ੍ਰਮ ’ਤੇ ਆਏ ਅਬਦੁੱਲ ਸਮਦ ਨੇ 21 ਗੇਂਦਾਂ ’ਤੇ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਸਭ ਤੋਂ ਵੱਧ 28 ਦੌੜਾਂ ਬਣਾਈਆਂ ਜਦਕਿ ਰਾਸ਼ਿਦ ਖਾਨ ਨੇ 19 ਗੇਂਦਾਂ ’ਚ 22 ਦੌੜਾਂ ਬਣਾ ਕੇ ਟੀਮ ਨੂੰ ਸ਼ਰਮਨਾਕ ਸਕੋਰ ’ਤੇ ਸਮੇਟਣ ਤੋਂ ਬਚਾਇਆ। ਸਮਦ ਰਬਾਡਾ ਦੀ ਗੇਂਦ ’ਤੇ ਦਿੱਲੀ ਦੇ ਕਪਤਾਨ ਰਿਸ਼ਭ ਪੰਜ ਨੂੰ ਕੈਚ ਦੇ ਕੇ ਪਰਤਿਆ। ਦਿੱਲੀ ਲਈ ਰਬਾਡਾ ਨੇ 4 ਓਵਰ ’ਚ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਐਰਿਚ ਨੋਤਰਜੇ ਅਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲੀਆਂ।

 ਪਲੇਇੰਗ ਇਲੇਵਨ

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ ਬੱਲੇਬਾਜ਼), ਮਾਰਕਸ ਸਟੋਇਨਿਸ, ਸ਼ਿਮਰੌਨ ਹੇਟਮੇਅਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਅਵੇਸ਼ ਖਾਨ


ਸਨਰਾਈਜ਼ਰਜ਼ ਹੈਦਰਾਬਾਦ : ਡੇਵਿਡ ਵਾਰਨਰ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਮਨੀਸ਼ ਪਾਂਡੇ, ਜੇਸਨ ਹੋਲਡਰ, ਅਬਦੁਲ ਸਮਦ, ਕੇਦਾਰ ਜਾਧਵ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸੰਦੀਪ ਸ਼ਰਮਾ, ਖਲੀਲ ਅਹਿਮਦ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh