ਭਾਰਤ ਅਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਹੋਣ ਵਾਲਾ ਦੂਜਾ ਟੈਸਟ ਹੋਵਗਾ ਡੇ-ਨਾਈਟ

10/29/2019 6:52:03 PM

ਨਵੀਂ ਦਿੱਲੀ : ਭਾਰਤ ਅਤੇ ਬੰਗਾਲਦੇਸ਼ ਵਿਚਾਲੇ 22 ਨਵੰਬਰ ਤੋਂ 26 ਨਵੰਬਰ ਤੱਕ ਖੇਡਿਆ ਜਾਣ ਵਾਲਾ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਡੇ-ਨਾਈਟ ਹੋਵੇਗਾ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਇਸ ਟੈਸਟ ਨੂੰ ਲੈ ਕੇ ਲੱਗ ਰਹੀਆਂ ਅਟਕਲਾਂ 'ਤੇ ਰੋਕ ਲਗਾਉਂਦਿਆਂ ਇਹ ਜਾਣਕਾਰੀ ਦਿੱਤੀ। ਗਾਂਗੁਲੀ ਨੇ ਇਸ ਟੈਸਟ ਨੂੰ ਗੁਲਾਬੀ ਗੇਂਦ ਨਾਲ ਖੇਡਣ ਦੀ ਪੇਸ਼ਕਸ਼ ਬੰਗਲਾਦੇਸ਼ ਕ੍ਰਿਕਟ ਬੋਰਡ ਅੱਗੇ ਰੱਖੀ ਸੀ। ਬੰਗਲਾਦੇਸ਼ ਦੇ ਖਿਡਾਰੀ ਹਾਲਾਂਕਿ ਪਹਿਲਾਂ ਇਸ ਦੇ ਲਈ ਤਿਆਰ ਨਹੀਂ ਸੀ ਪਰ ਬੋਰਡ ਦੇ ਨਾਲ ਕਈ ਦੌਰ ਦੀਆਂ ਬੈਠਕਾਂ ਤੋਂ ਬਾਅਦ ਡੇ-ਨਾਈਟ ਮੈਚ 'ਤੇ ਸਹਿਮਤੀ ਜਤਾ ਦਿੱਤੀ ਗਈ।

ਗਾਂਗੁਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਹ ਚੰਗੀ ਪਹਿਲ ਹੈ। ਟੈਸਟ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਮੈਂ ਅਤੇ ਮੇਰੀ ਟੀਮ ਲਈ ਇਸ ਦੇ ਲਈ ਕਾਫੀ ਮਿਹਨਤ ਕੀਤੀ। ਅਸੀਂ ਵਿਰਾਟ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹ ਇਸ ਦੇ ਲਈ ਤਿਆਰ ਹੋਏ। ਇਸ ਮੈਚ ਦੌਰਾਨ ਅਭਿਨਵ ਬਿੰਦਰਾ, ਐੱਮ. ਸੀ. ਮੈਰੀਕਾਮ ਅਤੇ ਪੀ. ਵੀ. ਸਿੰਧੂ ਵਰਗੇ ਧਾਕੜ ਖਿਡਾਰੀਆਂ ਨੂੰ ਸੱਦਾ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਹੈ। ਗਾਂਗੁਲੀ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਆਸਟਰੇਲੀਆ ਵਿਚ ਸਾਲਾਨਾ 'ਪਿੰਕ ਟੈਸਟ' (ਡੇ-ਨਾਈਟ) ਮੁਕਾਬਲੇ ਦਾ ਆਯੋਜਨ ਹੁੰਦਾ ਹੈ ਉਸੇ ਤਰ੍ਹਾਂ ਈਡਨ ਗਾਰਡਨ ਵਿਚ ਵੀ ਸਾਲਾਨਾ ਤੌਰ 'ਤੇ ਡੇ-ਨਾਈਟ ਟੈਸਟ ਮੈਚ ਦਾ ਆਯੋਜਨ ਹੋਵੇਗਾ। ਭਾਰਤੀ ਕ੍ਰਿਕਟਰ ਲੰਬੇ ਸਮੇਂ ਤੋਂ ਟੈਸਟ ਮੈਚ ਨੂੰ ਡੇ-ਨਾਈਟ ਵਿਚ ਖੇਡਣ ਤੋਂ ਬਚਦੇ ਰਹੇ ਹਨ ਪਰ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਖੇਡਣ ਦੇ ਵਿਚਾਰ ਤੋਂ ਸਹਿਮਤ ਹਨ ਅਤੇ ਨੇੜੇ ਭਵਿੱਖ ਵਿਚ ਇਸ ਦਾ ਆਯੋਜਨ ਹੋ ਸਕਦਾ ਹੈ।