ਡੇਵਿਸ ਕੱਪ : ਬੇਨੇਤੂ ਤੇ ਨਿਕੋਲਸ ਦੀ ਜੋਡ਼ੀ ਨੇ ਚੈਂਪੀਅਨ ਫਰਾਂਸ ਨੂੰ ਪਹੁੰਚਾਇਆ ਫਾਈਨਲ ਚ

09/16/2018 7:31:10 PM

ਲਿਲੀ : ਤਜਰਬੇਕਾਰ ਜੂਲੀਅਨ ਬੇਨੇਤੂ ਤੇ ਨਿਕੋਲਸ ਮਾਹੂਤ ਦੀ ਜੋੜੀ ਨੇ ਸਪੇਨ ਵਿਰੁੱਧ ਸੈਮੀਫਾਈਨਲ ਦੇ ਡਬਲਜ਼ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਚੈਂਪੀਅਨ ਫਰਾਂਸ ਨੂੰ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਾ ਦਿੱਤਾ। ਫਰਾਂਸ ਨੇ ਡਬਲਜ਼ ਮੈਚ ਵਿਚ ਜਿੱਤ ਦੇ ਨਾਲ ਮੁਕਾਬਲੇ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।

36 ਸਾਲਾਂ ਜੂਲੀਅਨ ਬੇਨੇਤੂ ਤੇ ਨਿਕੋਲਸ ਮਾਹੂਤ ਨੇ 32 ਸਾਲਾਂ ਮਾਰਸਲ ਗ੍ਰੇਨੋਲਰਸ ਤੇ 36 ਸਾਲਾਂ ਫੇਲਿਸਿਆਨੋ ਲੋਪੇਜ ਨੂੰ ਇੱਥੇ 6-0, 6-4, 7-6 ਨਾਲ ਹਰਾ ਕੇ ਉਲਟ ਸਿੰਗਲਜ਼ ਮੈਚਾਂ ਨੂੰ ਮਹੱਤਵਹੀਣ ਬਣਾ ਦਿੱਤਾ।
ਕੋਚ ਯਾਨਿਕ ਨੋਹਾ ਦੀ ਟੀਮ ਕੋਲ ਹੁਣ ਡੇਵਿਸ ਕੱਪ ਨੂੰ ਮੌਜੂਦਾ ਫਾਰਮੈੱਟ ਜਿੱਤਣ ਦਾ ਸੁਨਹਿਰੀ ਮੌਕਾ ਹੋਵੇਗਾ। ਫਰਾਂਸ ਦਾ ਫਾਈਨਲ ਵਿਚ ਕ੍ਰੋਏਸ਼ੀਆ ਤੇ ਅਮਰੀਕਾ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਨਵੰਬਰ ਵਿਚ ਮੁਕਾਬਲਾ ਹੋਵੇਗਾ। ਡੇਵਿਸ ਕੱਪ ਦਾ ਪੂਰਾ ਸਵਰੂਪ 2019 ਤੋਂ ਬਦਲਣ ਜਾ ਰਿਹਾ ਹੈ।

ਦੂਜੇ ਸੈਮੀਫਾਈਨਲ ਵਿਚ ਕ੍ਰੋਏਸ਼ੀਆ 2-1 ਨਾਲ ਅੱਗੇ ਹੈ। 40 ਸਾਲ ਦੇ ਮਾਈਕ ਬ੍ਰਾਇਨ ਨੇ ਰਿਆਨ ਹੈਰਿਸਨ ਨਾਲ ਡਬਲਜ਼ ਮੈਚ ਜਿੱਤ ਕੇ ਅਮਰੀਕਾ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਪਹਿਲੇ ਦੋਵੇਂ ਸਿੰਗਲਜ਼ ਮੈਚ ਹਾਰ ਜਾਣ ਤੋਂ ਬਾਅਦ ਅਮਰੀਕਾ ਨੂੰ ਮੁਕਾਬਲੇ ਵਿਚ ਬਣੇ ਰਹਿਣ ਲਈ ਡਬਲਜ਼ ਮੈਚ ਜਿੱਤਣਾ ਜ਼ਰੂਰੀ ਸੀ। ਮਾਈਕ ਬ੍ਰਾਇਨ ਤੇ ਰਿਆਨ ਹੈਰਿਸਨ ਨੇ ਚਾਰ ਘੰਟੇ 43 ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਵਿਚ ਇਵਾਨ ਡੋਡਿਗ ਤੇ ਮੇਟ ਪੇਵਿਚ ਨੂੰ 7-5, 7-6, 1-6, 6-7, 7-6 ਨਾਲ ਹਰਾ ਦਿੱਤਾ। ਕ੍ਰੋਏਸ਼ੀਆ ਨੂੰ ਉਲਟ ਸਿੰਗਲਜ਼ ਮੈਚਾਂ ਵਿਚ ਜਿੱਥੇ ਇਕ ਜਿੱਤ ਦੀ ਲੋੜ ਹੈ, ਉਥੇ ਹੀ ਅਮਰੀਕਾ ਨੂੰ ਦੋਵੇਂ ਮੈਚ ਜਿੱਤਣੇ ਪੈਣਗੇ।
ਇਸ ਵਿਚਾਲੇ ਵਿਸ਼ਵ ਗਰੁੱਪ ਪਲੇਆਫ ਮੁਕਾਬਲਿਆਂ ਵਿਚ ਅਰਜਨਟੀਨਾ ਨੇ ਕੋਲੰਬੀਆ 'ਤੇ 3-0 ਦੀ ਅਜੇਤੂ ਬੜ੍ਹਤ ਬਣਾ ਕੇ ਵਿਸ਼ਵ ਗਰੁੱਪ ਵਿਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਬ੍ਰਿਟੇਨ ਨੇ ਉਜ਼ਬੇਕਿਸਤਾਨ 'ਤੇ 2-1 ਦੀ ਬੜ੍ਹਤ ਬਣਾ ਲਈ ਹੈ। ਆਸਟਰੀਆ ਨੇ ਆਸਟਰੇਲੀਆ 'ਤੇ 2-1 ਦੀ ਬੜ੍ਹਤ ਬਣਾਈ ਹੈ। ਸਵਿਟਜ਼ਰਲੈਂਡ ਵਿਰੁੱਧ ਸਵੀਡਨ 2-1 ਨਾਲ ਅੱਗੇ ਹੋ ਗਿਆ ਹੈ। ਕੈਨੇਡਾ ਨੇ ਹਾਲੈਂਡ 'ਤੇ 2-1 ਦੀ ਬੜ੍ਹਤ ਬਣਾਈ ਹੈ, ਜਦਕਿ ਹੰਗਰੀ ਨੇ ਚੈੱਕ ਗਣਰਾਜ 'ਤੇ 2-1 ਦੀ ਬੜ੍ਹਤ ਬਣਾਈ ਹੈ। ਜਾਪਾਨ ਨੇ ਬੋਸਨੀਆ ਹਰਜਗੋਵਿਨਾ ਵਿਰੁੱਧ 4-0 ਦੀ ਅਜੇਤੂ ਬੜ੍ਹਤ ਨਾਲ ਵਿਸ਼ਵ ਗਰੁੱਪ ਵਿਚ ਆਪਣਾ ਸਥਾਨ ਪੱਕਾ ਕਰ ਲਿਆ ਹੈ।