ਸਹਿਵਾਗ ਦੀ ਇਸ ਜ਼ਿੱਦ ਕਾਰਨ ਵਾਰਨਰ ਨੇ ਲਾਇਆ ਤੀਹਰਾ ਸੈਂਕੜਾ, ਇੰਟਰਵਿਊ 'ਚ ਕੀਤਾ ਖੁਲਾਸਾ

12/01/2019 2:20:45 PM

ਨਵੀਂ ਦਿੱਲੀ : ਟੀ-20 ਬੱਲੇਬਾਜ਼ ਦੇ ਰੂਪ 'ਚ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਐਡੀਲੇਡ ਵਿਚ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਆਪਣਾ ਨਾਂ ਦਰਜ ਕਰਾ ਲਿਆ ਹੈ। ਵਾਰਨਰ ਨੇ 335 ਦੌੜਾਂ ਦੀ ਪਾਰੀ ਖੇਡੀ। ਉਹ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਾਉਣ ਵਾਲੇ ਆਸਟਰੇਲੀਆ ਦੇ 7ਵੇਂ ਅਤੇ ਦੁਨੀਆ ਦੇ 28ਵੇਂ ਖਿਡਾਰੀ ਬਣ ਗਏ ਹਨ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਵਰਿੰਦਰ ਸਹਿਵਾਗ, ਕ੍ਰਿਸ ਗੇਲ ਅਤੇ ਡੇਵਿਡ ਵਾਰਨਰ ਵਰਗੇ ਸੀਮਤ ਓਵਰਾਂ ਦੀ ਕ੍ਰਿਕਟ 'ਚ ਮਾਹਰ ਮੰਨੇ ਜਾਣ ਵਾਲੇ ਖਿਡਾਰੀਆਂ ਨੇ ਪਿਛਲੇ 10-12 ਸਾਲਾਂ ਵਿਚ ਟੈਸਟ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਾਉਣ ਦਾ ਇਹ ਕਾਰਨਾਮਾ ਕਰ ਕੇ ਦਿਖਾਇਆ ਹੈ। ਇਹ ਅਜਿਹੇ ਖਿਡਾਰੀ ਹਨ ਜਿਨ੍ਹਾਂ ਤੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ।

ਕੀ ਤੁਹਾਨੂੰ ਪਤਾ ਹੈ ਕਿ ਵਾਰਨਰ ਦੀ ਇਸ ਸਫਲਤਾ ਦੇ ਪਿੱਛੇ ਕਿਸ ਦਾ ਹੱਥ ਹੈ? ਇਹ ਖੁਲਾਸਾ ਖੁਦ ਵਾਰਨਰ ਨੇ ਇੰਟਰਵਿਊ ਦੌਰਾਨ ਕੀਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਵਾਰਨਰ ਦੀ ਇਸ ਸਫਲਤਾ ਦੇ ਪਿੱਛੇ ਭਾਰਤੀ ਸਾਬਕਾ ਧਾਕੜ ਖਾਡਰੀ ਵਰਿੰਦਰ ਸਹਿਵਾਗ ਦਾ ਹੱਥ ਹੈ। ਪ੍ਰੈੱਸ ਕਾਨਫਰੰਸ ਵਿਚ ਵਾਰਨਰ ਨੇ ਸਹਿਵਾਗ ਨੂੰ ਆਪਣੀ ਸਫਲਤਾ ਦਾ ਸਿਹਰਾ ਦਿੰਦਿਆਂ ਕਿਹਾ, ''ਜਦੋਂ ਮੈਨੂੰ ਆਈ. ਪੀ. ਐੱਲ. 'ਚ ਦਿੱਲੀ ਲਈ ਖੇਡਣ ਦਾ ਮੌਕਾ ਮਿਲਿਆ ਤਦ ਉਸ ਟੀਮ ਵਿਚ ਮੇਰੇ ਨਾਲ ਵਰਿੰਦਰ ਸਹਿਵਾਗ ਵੀ ਸਨ। ਤਦ ਇਕ ਦਿਨ ਉਸ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਟੀ-20 ਤੋਂ ਬਿਹਤਰ ਟੈਸਟ ਖਿਡਾਰੀ ਬਣ ਸਕਦੇ ਹੋ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਮੈਂ ਉਸ (ਸਹਿਵਾਗ) ਨੂੰ ਕਿਹਾ ਕਿ ਤੁਹਾਡਾ ਦੀਮਾਗ ਠੀਕ ਹੈ ਤਾਂ ਇਸ ਦੇ ਜਵਾਬ ਵਿਚ ਸਹਿਵਾਗ ਨੇ ਕਿਹਾ ਕਿ ਟੈਸਟ ਕ੍ਰਿਕਟ ਵਿਚ ਸਲਿਪ ਅਤੇ ਗਲੀ ਹੁੰਦੀ ਹੈ ਅਤੇ ਕਵਰਸ ਓਪਨ ਹੁੰਦੇ ਹਨ। ਮਿਡ-ਆਨ, ਮਿਡ-ਆਫ ਦੇ ਖਿਡਾਰੀ ਅੱਗੇ ਹੁੰਦੇ ਹਨ। ਅਜਿਹੀ ਫੀਲਡਿੰਗ 'ਚ ਤੁਸੀਂ ਉੱਪਰੋਂ ਮਾਰੋਗੇ ਤਾਂ ਗੇਂਦ ਬਾਊਂਡਰੀ ਪਾਰ ਹੀ ਜਾਵੇਗੀ।''

ਵਾਰਨਰ ਨੇ ਕਿਹਾ ਕਿ ਉਸ ਦੌਰਾਨ ਮੈਨੂੰ ਲੈ ਕੇ ਸਹਿਵਾਗ ਅਜਿਹਾ ਕਹਿੰਦੇ ਰਹੇ ਪਰ ਉਸ ਦੀ ਇਹ ਗੱਲ ਮੇਰੇ ਦੀਮਾਗ 'ਚ ਰਹਿ ਗਈ। ਮੈਂ ਕਿਹਾ ਕਿ ਇਸ ਬਾਰੇ ਚਰਚਾ ਕਰਨਾ ਆਸਾਨ ਹੈ ਪਰ ਕਰਨਾ ਮੁਸ਼ਕਿਲ ਹੈ। ਦੱਸ ਦਈਏ ਕਿ ਇਸ ਮੁਕਾਬਲੇ ਵਿਚ ਵਾਰਨਰ ਨੇ ਅਜੇਤੂ 335 ਦੌੜਾਂ ਦੀ ਪਾਰੀ ਖੇਡੀ ਸੀ। ਉਸ ਦੀ ਇਸ ਪਾਰੀ ਦੀ ਕ੍ਰਿਕਟ ਜਗਤ ਵਿਚ ਕਾਫੀ ਚਰਚਾ ਹੋ ਰਹੀ ਹੈ। ਉਸ ਦੀ ਇਸ ਪਾਰੀ ਦੇ ਦਮ 'ਤੇ ਆਸਟਰੇਲੀਆ ਨੇ ਦੂਜੇ ਟੈਸਟ ਮੈਚ 'ਤੇ ਸ਼ਕੰਜਾ ਕੱਸ ਲਿਆ ਹੈ।