ਆਪਣੇ ਕੋਚਿੰਗ ਕਰੀਅਰ ''ਚ ਆਖਰ ਕਿਸ ਗੱਲ ਦਾ ਹੈ ਡੈਰੇਨ ਲੀਮਨ ਨੂੰ ਅਫਸੋਸ...

10/17/2018 11:32:08 AM

ਨਵੀਂ ਦਿੱਲੀ— ਇਸ ਸਾਲ ਦੀ ਸ਼ੁਰੂਆਤ 'ਚ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਤੇ ਆਸਟਰੇਲੀਆ ਦੇ ਕੋਚ ਦਾ ਅਹੁਦਾ ਛੱਡਣ ਵਾਲੇ ਸਾਬਕਾ ਕ੍ਰਿਕਟਰ ਡੈਰੇਨ ਲੀਮਨ ਦਾ ਕਹਿਣਾ ਹੈ ਕਿ ਸ਼ਾਇਦ ਉਨ੍ਹਾਂ ਨੇ ਜ਼ਰੂਰਤ ਤੋਂ ਜ਼ਿਆਦਾ ਸਮਾਂ ਕੋਚਿੰਗ 'ਚ ਦੇ ਦਿੱਤਾ ਹੈ। ਇਕ ਰੇਡੀਓ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕੰਗਾਰੂ ਟੀਮ ਦੇ ਨਾਲ ਆਪਣੇ ਪੰਜ ਸਾਲਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ''ਇਹ ਬੇਹੱਦ ਚੰਗਾ ਰਿਹਾ ਪਰ ਸ਼ਾਇਦ ਮੈਂ ਕੁਝ ਜ਼ਿਆਦਾ ਸਮਾਂ ਗੁਜ਼ਾਰ ਦਿੱਤਾ। ਇੰਝ ਕਹੀਏ ਕਿ ਮੈਂ ਜ਼ਰੂਰਤ ਤੋਂ ਜ਼ਿਆਦਾ ਸਮੇਂ ਤੱਕ ਆਸਟਰੇਲੀਆ ਦਾ ਕੋਚ ਬਣਿਆ ਰਿਹਾ।''

ਲੀਮਨ ਨੇ 2013 ਦੀ ਏਸ਼ੇਜ਼ ਸੀਰੀਜ਼ ਦੇ ਬਾਅਦ ਮਿਕੀ ਆਰਥਰ ਤੋਂ ਆਸਟਰੇਲੀਆਈ ਟੀਮ ਦੀ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲੀ ਸੀ ਅਤੇ ਉਨ੍ਹਾਂ ਦੇ ਕਾਰਜਕਾਲ 'ਚ ਹੀ ਟੀਮ ਨੇ 2013-14 ਅਤੇ 2017-18 ਦੀ ਏਸ਼ੇਜ਼ ਸੀਰੀਜ਼ ਵੀ ਜਿੱਤੀ। ਇਸ ਤੋਂ ਇਲਾਵਾ 2015 'ਚ ਆਪਣੀ ਹੀ ਧਰਤੀ 'ਤੇ ਆਸਟਰੇਲੀਆਈ ਟੀਮ ਵਰਲਡ ਚੈਂਪੀਅਨ ਬਣੀ ਸੀ।

ਆਸਟਰੇਲੀਆ ਦੀ ਕੋਚਿੰਗ ਨੂੰ ਬੇਹੱਦ ਮੁਸ਼ਕਲ ਦਸਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਇਹ 24X7 ਦਾ ਕੰਮ ਹੈ ਜਿੱਥੇ ਕਈ ਵਾਰ ਨੀਂਦ ਲੈਣ ਦਾ ਮੌਕਾ ਵੀ ਨਹੀਂ ਮਿਲਦਾ ਹੈ। ਇਸ ਸਾਲ ਜਦੋਂ ਆਸਟਰੇਲੀਆਈ ਦੀ ਟੀਮ ਸਾਊਥ ਅਫਰੀਕਾ ਦੇ ਦੌਰੇ 'ਤੇ ਸੀ ਉਦੋਂ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਕੋਚ ਲੀਮਨ ਦਾ ਨਾਂ ਵੀ ਉਛਲਿਆ ਸੀ ਪਰ ਬਾਅਦ 'ਚ ਕ੍ਰਿਕਟ ਆਸਟਰੇਲੀਆ ਦੀ ਜਾਂਚ 'ਚ ਉਨ੍ਹਾਂ ਨੂੰ ਬੇਕਸੂਰ ਪਾਇਆ ਗਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਹੁਣ ਜਸਟਿਨ ਲੈਂਗਰ ਆਸਟਰੇਲੀਆ ਦੇ ਕੋਚ ਹਨ।