ਸਾਬਕਾ ਪਾਕਿ ਕ੍ਰਿਕਟਰ ਕਨੇਰੀਆ ਨੇ ਲਾਇਆ ਜੈ ਸ਼੍ਰੀਰਾਮ ਦਾ ਜੈਕਾਰਾ, ਭਾਰਤੀ ਪ੍ਰਸ਼ੰਸਕ ਹੋਏ ਬਾਗੋਬਾਗ

12/30/2019 1:26:41 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੂੰ ਲੈ ਕੇ ਕੁਝ ਦਿਨ ਪਹਿਲਾਂ ਸ਼ੋਏਬ ਅਖਤਰ ਨੇ ਇਕ ਖੁਲਾਸਾ ਕੀਤਾ ਸੀ। ਅਖਤਰ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਹਿੰਦੂ ਹੋਣ ਕਾਰਨ ਦਾਨਿਸ਼ ਨਾਲ ਟੀਮ ਦੇ ਕੁਝ ਸਾਥੀ ਖਿਡਾਰੀ ਵਿਤਕਰਾ ਕਰਦੇ ਸਨ। ਦਾਨਿਸ਼ ਦੇ ਇਸ ਮਾਮਲੇ ਨੇ ਪਾਕਿਸਤਾਨ 'ਚ ਹੀ ਨਹੀਂ ਸਗੋਂ ਭਾਰਤ 'ਚ ਵੀ ਤੂਲ ਫੜ ਲਿਆ ਹੈ। ਭਾਜਪਾ ਦੇ ਨੇਤਾ ਕਨੇਰੀਆ ਦੇ ਬਹਾਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੀ ਕਿਹਾ ਕਿ ਪਾਕਿਸਤਾਨ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ। ਦਾਨਿਸ਼ ਨੇ ਵੀ ਕਿਹਾ ਕਿ ਉਸ ਨਾਲ ਵਿਤਕਰਾ ਕਰਨ ਵਾਲੇ ਸਾਥੀ ਖਿਡਾਰੀਆਂ ਦਾ ਉਹ ਆਪਣੇ ਯੂ-ਟਿਊਬ ਚੈਨਲ 'ਤੇ ਖੁਲਾਸਾ ਕਰਨਗੇ।

ਇਸ ਤੋਂ ਬਾਅਦ ਦਾਨਿਸ਼ ਦੇ 2 ਵੀਡੀਓ ਸਾਹਮਣੇ ਆਏ। ਇਨ੍ਹਾਂ ਦੋਹਾਂ ਵੀਡੀਓ 'ਚ ਦਾਨਿਸ਼ ਨੇ ਜੈ ਸ਼੍ਰੀਰਾਮ ਕਹਿ ਕੇ ਸ਼ੁਰੂਆਤ ਕਰਦੇ ਹੋਏ ਫੈਨਜ਼ ਸਾਹਮਣੇ ਆਪਣੀ ਗੱਲ ਰੱਖੀ। ਇਸ ਦਾ ਤਾਜ਼ਾ ਵੀਡੀਓ 29 ਦਸੰਬਰ ਨੂੰ ਪੋਸਟ ਕੀਤਾ ਗਿਆ ਹੈ। ਇਸ 'ਚ ਉਨ੍ਹਾਂ ਨੇ ਫੈਨਜ਼ ਅਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਦਰਅਸਲ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਇਹ ਸਹੀ ਹੈ ਕਿ ਪਾਕਿਸਤਾਨ 'ਚ ਰਹਿਣ ਕਾਰਨ ਉਨ੍ਹਾਂ ਨੇ ਆਪਣਾ ਨਾਂ ਬਦਲਿਆ ਹੈ? ਕੀ ਪਹਿਲਾਂ ਉਨ੍ਹਾਂ ਦਾ ਨਾਂ ਦਿਨੇਸ਼ ਸੀ। ਅਜਿਹੇ 'ਚ ਦਾਨਿਸ਼ ਨੇ ਜੈ ਸ਼੍ਰੀਰਾਮ ਬੋਲ ਕੇ ਕਿਹਾ, ''ਅਜਿਹਾ ਕੁਝ ਨਹੀਂ ਹੈ। ਸ਼ੁਰੂ ਤੋਂ ਹੀ ਮੇਰਾ ਨਾਂ ਦਾਨਿਸ਼ ਹੈ। ਮੈਂ ਕਦੀ ਵੀ ਆਪਣਾ ਨਾਂ ਨਹੀਂ ਬਦਲਿਆ।'' ਇਸ ਤੋਂ ਬਾਅਦ ਦਾਨਿਸ਼ ਨੇ ਕਿਹਾ, ''ਮੈਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੋਂ ਇਸ ਲਈ ਮਦਦ ਦੀ ਗੁਹਾਰ ਲਾਈ ਸੀ, ਕਿਉਂਕਿ ਕ੍ਰਿਕਟ ਹੀ ਮੇਰੀ ਰੋਜ਼ੀ-ਰੋਟੀ ਹੈ। ਮੈਂ ਅਜੇ ਵੀ ਆਪਣੇ ਹੁਨਰ ਦੇ ਜ਼ਰੀਏ ਪਾਕਿਸਤਾਨ ਕ੍ਰਿਕਟ ਟੀਮ ਦੀ ਮਦਦ ਕਰ ਸਕਦਾ ਹਾਂ। ਬਾਲਿੰਗ ਕੋਚਿੰਗ ਕਰਨ ਦੀ ਮਨਜ਼ੂਰੀ ਦੇਣ 'ਚ ਪੀ. ਸੀ. ਬੀ. ਮੇਰੀ ਮਦਦ ਕਰ ਸਕਦਾ ਹੈ।''

ਦਾਨਿਸ਼ ਦਾ ਇਹ ਵੀਡੀਓ ਥੋੜ੍ਹੀ ਹੀ ਦੇਰ 'ਚ ਕਾਫੀ ਵਾਇਰਲ ਹੋ ਗਿਆ। ਅਜੇ ਤਕ ਇਸ ਨੂੰ 1 ਲੱਖ 44 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੱਕੇ ਹਨ। ਇੰਨਾ ਹੀ ਨਹੀਂ ਯੂਜ਼ਰਸ ਦਾਨਿਸ਼ ਦੇ ਸਮਰਥਨ 'ਚ ਕੁਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ''ਤੁਸੀਂ ਹਿੰਦੂਸਤਾਨ ਆ ਜਾਓ, ਕੁਝ ਦਿਨਾਂ 'ਚ ਤੁਹਾਡੇ ਸਬਸਕ੍ਰਾਈਬਰਸ 10 ਮਿਲੀਅਨ (ਇਕ ਕਰੋੜ) ਪਹੁੰਚ ਜਾਣਗੇ। ਜੈ ਸ਼੍ਰੀਰਾਮ।'' ਇਕ ਯੂਜ਼ਰ ਨੇ ਲਿਖਿਆ, ''ਭਾਈ ਸਾਹਿਬ ਭਾਰਤ ਆ ਜਾਓ, ਤੁਹਾਡਾ ਸਵਾਗਤ ਹੈ, ਇੱਥੇ ਆਪਣੀ ਕ੍ਰਿਕਟ ਅਕੈਡਮੀ ਸ਼ੁਰੂ ਕਰੋ।'' ਇਕ ਹੋਰ ਯੂਜ਼ਰ ਨੇ ਲਿਖਿਆ ਪੂਰਾ ਹਿੰਦੂਸਤਾਨ ਤੁਹਾਡੇ ਨਾਲ ਹੈ।''

Tarsem Singh

This news is Content Editor Tarsem Singh