CWG : ਸੁਸ਼ੀਲ ਕੁਮਾਰ ਨੇ ਦਿਵਾਇਆ ਭਾਰਤ ਨੂੰ ਗੋਲਡ, ਅਫਰੀਕੀ ਰੈਸਲਰ ਨੂੰ ਦਿੱਤੀ ਮਾਤ

04/13/2018 11:41:33 AM

ਗੋਲਡ ਕੋਸਟ (ਬਿਊਰੋ)— ਭਾਰਤ ਦੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਕੁਸ਼ਤੀ 'ਚ ਆਪਣੇ 74 ਕਿਲੋਗ੍ਰਾਮ ਭਾਰ ਵਰਗ ਮੈਚ 'ਚ ਇਕਤਰਫਾ ਮੁਕਾਬਲੇ 'ਚ ਜਿੱਤ ਦੇ ਨਾਲ ਰਾਸ਼ਟਰਮੰਡਲ ਖੇਡਾਂ 2018 'ਚ ਦੇਸ਼ ਨੂੰ ਸੋਨ ਤਮਗਾ ਦਿਵਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 'ਚ ਆਪਣੀ ਹੈਟ੍ਰਿਕ ਵੀ ਪੂਰੀ ਕਰ ਲਈ ਹੈ। ਗੋਲਡ ਕੋਸਟ ਖੇਡਾਂ 'ਚ ਵੀਰਵਾਰ ਨੂੰ ਰਾਹੁਲ ਅਵਾਰੇ ਦੇ ਬਾਅਦ ਸੁਸ਼ੀਲ ਨੇ ਕੁਸ਼ਤੀ 'ਚ ਭਾਰਤ ਨੂੰ ਉਸ ਦਾ ਦੂਜਾ ਸੋਨ ਤਮਗਾ ਦਿਵਾਇਆ। 

ਸੁਸ਼ੀਲ ਨੇ ਪੁਰਸ਼ਾਂ ਦੇ 74 ਕਿਲੋਗ੍ਰਾਮ ਭਾਰ ਵਰਗ 'ਚ ਇਕ ਮਿੰਟ 20 ਸਕਿੰਟ 'ਚ ਹੀ ਦੱਖਣੀ ਅਫਰੀਕਾ ਦੇ ਬੋਥਾ ਜੋਹਾਨੇਸ ਨੂੰ 10-0 ਨਾਲ ਹਰਾਇਆ। 2010 ਦਿੱਲੀ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ 2014 ਗਲਾਸਗੋ ਰਾਸ਼ਟਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸੁਸ਼ੀਲ ਨੇ ਗੋਲਡ ਕੋਸਟ 'ਚ ਆਪਣੇ ਖਿਤਾਬ ਦਾ ਬਚਾਅ ਕੀਤਾ। ਓਲੰਪਿਕ ਤਮਗਾ ਜੇਤੂ ਸੁਸ਼ੀਲ ਨੇ ਫਾਈਨਲ ਮੈਚ 'ਚ ਮੈਟ 'ਤੇ ਆਊਂਦੇ ਹੀ ਬੋਥਾ ਦੇ ਖਿਲਾਫ 6-0 ਦੀ ਸ਼ੁਰੂਆਤੀ ਬੜ੍ਹਤ ਬਣਾਈ ਅਤੇ ਫਿਰ ਉਨ੍ਹਾਂ 'ਤੇ ਪੂਰਾ ਕੰਟਰੋਲ ਕਰਦੇ ਹੋਏ ਸਕੋਰ 8-0 ਅਤੇ ਫਿਰ 10-0 ਕੀਤਾ ਅਤੇ ਬਿਨਾ ਪਸੀਨਾ ਵਹਾਏ ਆਸਾਨੀ ਨਾਲ ਸੋਨ ਤਮਗਾ ਆਪਣੀ ਝੋਲੀ 'ਚ ਪਾ ਦਿੱਤਾ।