CWG 2018 : ਨੀਰਜ ਨੇ ਜੈਵਲਿਨ ਥ੍ਰੋਅ 'ਚ ਜਿੱਤਿਆ ਇਤਿਹਾਸਕ ਸੋਨ ਤਮਗਾ

04/14/2018 12:07:27 PM

ਗੋਲਡ ਕੋਸਟ (ਬਿਊਰੋ)— ਭਾਰਤ ਦੇ ਨੀਰਜ ਚੋਪੜਾ ਨੇ ਸੈਸ਼ਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 86.47 ਮੀਟਰ ਦੀ ਦੂਰੀ ਤੱਕ ਜੈਵਲਿਨ ਥ੍ਰੋਅ ਕਰਕੇ ਰਾਸ਼ਟਰਮੰਡਲ ਖੇਡਾਂ 2018 'ਚ ਸ਼ਨੀਵਾਰ ਨੂੰ ਸੋਨ ਤਮਗਾ ਆਪਣੇ ਨਾਂ ਕੀਤਾ। ਉਹ ਇਸ ਮੁਕਾਬਲੇ 'ਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ। ਨੀਰਜ ਦਾ ਇਹ ਤਮਗਾ ਭਾਰਤ ਲਈ ਰਾਸ਼ਟਰਮੰਡਲ ਖੇਡਾਂ ਦੇ ਐਥਲੈਟਿਕਸ 'ਚ ਚੌਥਾ ਤਮਗਾ ਹੈ। 

ਉਨ੍ਹਾਂ ਤੋਂ ਪਹਿਲਾਂ ਮਿਲਖਾ ਸਿੰਘ ਨੇ 1958, ਕ੍ਰਿਸ਼ਨਾ ਪੂਨੀਆ ਨੇ 2010 ਅਤੇ ਵਿਕਾਸ ਗੌੜਾ ਨੇ 2014 ਰਾਸ਼ਟਰਮੰਡਲ 'ਚ ਸੋਨ ਤਮਗੇ ਦਿਵਾਏ ਹਨ। ਜੈਵਲਿਨ ਥ੍ਰੋਅ 'ਚ ਇਹ ਭਾਰਤ ਦਾ ਪਹਿਲਾ ਸੋਨ ਤਮਗਾ ਹੈ। ਭਾਰਤੀ ਐਥਲੀਟ ਨੇ ਫਾਈਨਲ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ 6 ਕੋਸ਼ਿਸ਼ਾਂ 'ਚ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਹੀ 85.50 ਮੀਟਰ ਦੀ ਰਹੀ। ਨੀਰਜ ਦੀ ਦੂਜੀ ਕੋਸ਼ਿਸ਼ ਅਸਫਲ ਰਹੀ ਅਤੇ ਤੀਜੀ ਕੋਸ਼ਿਸ 'ਚ ਉਨ੍ਹਾਂ ਨੇ 84.78, ਚੌਥੇ 'ਚ 86.47 ਅਤੇ ਪੰਜਵੀਂ ਕੋਸ਼ਿਸ 'ਚ 83.48 ਮੀਟਰ ਦੀ ਦੂਰੀ ਤੈਅ ਕੀਤੀ। ਉਨ੍ਹਾਂ ਦੀ ਛੇਵੀਂ ਕੋਸ਼ਿਸ਼ ਵੀ ਅਸਫਲ ਰਹੀ ਪਰ ਚੌਥੀ ਕੋਸ਼ਿਸ਼ 'ਚ ਉਨ੍ਹਾਂ ਦੇ 86.47 ਮੀਟਰ ਦੇ ਪ੍ਰਦਰਸ਼ਨ ਨੇ ਸੋਨ ਤਮਗਾ ਪੱਕਾ ਕਰ ਦਿੱਤਾ ਜੋ ਸੈਸ਼ਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।