CWG 2018 : ਭਾਰਤ ਨੇ ਟੇਬਲ ਟੈਨਿਸ ਦੇ ਪਹਿਲੇ ਮੈਚ ''ਚ ਸ਼੍ਰੀਲੰਕਾ ਨੂੰ ਹਰਾਇਆ

04/05/2018 11:46:13 AM

ਗੋਲਡ ਕੋਸਟ (ਬਿਊਰੋ)— ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ਦੇ ਪਹਿਲੇ ਦਿਨ ਅੱਜ ਮਹਿਲਾ ਟੇਬਲ ਟੈਨਿਸ ਗਰੁੱਪ ਮੈਚ 'ਚ ਸ਼੍ਰੀਲੰਕਾ ਨੂੰ 3-0 ਨਾਲ ਹਰਾ ਦਿੱਤਾ। ਮਨਿਕਾ ਬੱਤਰਾ ਨੇ ਇਰਾਂਡੀ ਵਾਰੂਸਾਵੀਤਾਨਾ ਨੂੰ 11-3, 11-5, 11-3 ਨਾਲ ਹਰਾਇਆ। ਇਸ ਤੋਂ ਬਾਅਦ ਸੁਤੀਰਥਾ ਮੁਖਰਜੀ ਨੇ ਇਸ਼ਾਰਾ ਮਾਨਿੱਕੂ ਬਾਡੂ ਨੰ 11-5, 11-8, 11-4 ਨਾਲ ਹਰਾ ਕੇ ਇਹ ਬੜ੍ਹਤ ਦੁਗਣੀ ਕਰ ਦਿੱਤੀ।

ਸੁਤੀਰਥਾ ਅਤੇ ਪੂਜਾ ਸਹਸਤਰਬੁਧੇ ਨੇ ਸ਼੍ਰੀਲੰਕਾ ਦੀ ਹੰਸਾਨੀ ਕਾਪੂਗੀਕੀਆਨਾ ਅਤੇ ਇਸ਼ਾਰਾ ਮਾਨਿੱਕੂ ਬਾਡੂ ਨੂੰ 11-6, 11-7, 11-3 ਨਾਲ ਹਰਾ ਕੇ ਕਲੀਨ ਸਵੀਪ ਕੀਤੀ। ਮਨਿਕਾ ਨੇ ਜਿੱਤ ਤੋਂ ਬਾਅਦ ਕਿਹਾ, ''ਬਹੁਤ ਚੰਗਾ ਲਗ ਰਿਹਾ ਹੈ। ਅਸੀਂ ਚੰਗੀ ਖੇਡ ਵਿਖਾਈ ਅਤੇ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਹੁਣ ਅਸੀਂ ਵੇਲਸ ਤੋਂ ਖੇਡਣਾ ਹੈ ਅਤੇ ਉਸ 'ਚ ਵੀ ਲੈਅ ਕਾਇਮ ਰੱਖਾਂਗੇ।'' ਮੋਢੇ ਦੀ ਸੱਟ ਦੇ ਬਾਰੇ 'ਚ ਪੁੱਛਣ 'ਤੇ ਉਸ ਨੇ ਕਿਹਾ, ''ਮੈਨੂੰ ਸੱਟ ਨਹੀਂ ਲੱਗੀ ਸੀ। ਥੋੜ੍ਹੀ ਜਕੜਨ ਸੀ ਜੋ ਹੁਣ ਠੀਕ ਹੈ।''