CWC 2019 : ਬਾਬਰ-ਹਾਰਿਸ ਦੀ ਬਦੌਲਤ, ਪਾਕਿ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

06/26/2019 11:55:45 PM

ਬਰਮਿੰਘਮ- ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਖਤਰਨਾਕ ਗੇਂਦਬਾਜ਼ੀ ਅਤੇ ਬਾਬਰ ਆਜ਼ਮ ਦੇ ਵਨ ਡੇ ਵਿਚ 10ਵੇਂ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਨਿਊਜ਼ੀਲੈਂਡ ਦੇ ਜੇਤੂ ਅਭਿਆਨ 'ਤੇ ਰੋਕ ਲਾ ਕੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਸ਼ਾਹੀਨ ਨੇ 10 ਓਵਰਾਂ ਵਿਚ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਨਿਊਜ਼ੀਲੈਂਡ ਨੂੰ 6 ਵਿਕਟਾਂ 'ਤੇ 237 ਦੌੜਾਂ 'ਤੇ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ। 


ਪਾਕਿਸਤਾਨ ਨੇ 49.1 ਓਵਰਾਂ ਵਿਚ 4 ਵਿਕਟਾਂ 'ਤੇ 241 ਦੌੜਾਂ ਬਣਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ। ਉਸ ਦੇ ਹੁਣ ਤਕ 7 ਮੈਚਾਂ ਵਿਚ 7 ਅੰਕ ਹੋ ਗਏ ਹਨ। ਨਿਊਜ਼ੀਲੈਂਡ ਦੇ 7 ਮੈਚਾਂ ਵਿਚ 11 ਅੰਕ ਹਨ। ਉਹ ਅਜੇ ਵੀ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਬਾਬਰ ਨੇ 38 ਦੌੜਾਂ ਦੇ ਨਿੱਜੀ ਸਕੋਰ 'ਤੇ ਜੀਵਨਦਾਨ ਮਿਲਣ ਦਾ ਪੂਰਾ ਫਾਇਦਾ ਉਠਾਇਆ ਅਤੇ 127 ਗੇਂਦਾਂ 'ਤੇ ਅਜੇਤੂ 101 ਦੌੜਾਂ ਦੀ ਪਾਰੀ ਖੇਡੀ। ਇਸ ਵਿਚ 11 ਚੌਕੇ ਸ਼ਾਮਲ ਹਨ। ਦੱਖਣੀ ਅਫਰੀਕਾ ਖਿਲਾਫ ਜਿੱਤ ਦੇ ਨਾਇਕ ਹੈਰਿਸ ਸੋਹਲ ਦੇ ਆਖਰੀ ਪਲਾਂ ਵਿਚ ਰਨ ਆਊਟ ਹੋਣ ਤੋਂ ਪਹਿਲਾਂ 76 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ ਕੀਤੀ।


ਨਿਊਜ਼ੀਲੈਂਡ ਦਾ ਸਕੋਰ ਇਕ ਸਮੇਂ 5 ਵਿਕਟਾਂ 'ਤੇ 83 ਦੌੜਾਂ ਸੀ। ਇਸ ਤੋਂ ਬਾਅਦ ਜੇਮਸ ਨੀਸ਼ਮ (112 ਗੇਂਦਾਂ 'ਤੇ ਅਜੇਤੂ 97) ਅਤੇ ਕੋਲਿਨ ਡੀ ਗ੍ਰੈਂਡਹੋਮ (71 ਗੇਂਦਾਂ 'ਤੇ 64 ਦੌੜਾਂ) ਨੇ ਛੇਵੀਂ ਵਿਕਟ ਲਈ 132 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਇਸ ਨਾਲ ਨਿਊਜ਼ੀਲੈਂਡ ਸਨਮਾਨਜਨਕ ਸਕੋਰ ਤੱਕ ਪੁੱਜਾ। ਕਪਤਾਨ ਕੇਨ ਵਿਲੀਅਮਸਨ ਨੇ 69 ਗੇਂਦਾਂ 'ਤੇ 41 ਦੌੜਾਂ ਦਾ ਯੋਗਦਾਨ ਦਿੱਤਾ। ਪਾਕਿਸਤਾਨ ਜਦੋਂ 1992 ਵਿਚ ਚੈਂਪੀਅਨ ਬਣਿਆ ਸੀ ਤਾਂ ਉਦੋਂ ਵੀ ਉਸ ਦਾ ਅਭਿਆਨ ਮੌਜੂਦਾ ਵਿਸ਼ਵ ਕੱਪ ਦੀ ਤਰ੍ਹਾਂ ਅੱਗੇ ਵਧਿਆ ਸੀ। ਉਸ ਦੇ ਕੋਲ ਹੁਣ ਅਫਗਾਨਿਸਤਾਨ (29 ਜੂਨ) ਅਤੇ ਬੰਗਲਾਦੇਸ਼ (5 ਜੁਲਾਈ) 'ਤੇ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਪਹੁੰਚਣ ਦਾ ਚੰਗਾ ਮੌਕਾ ਹੈ। ਪਾਕਿਸਤਾਨ ਦੀ ਜਿੱਤ ਨਾਲ ਇੰਗਲੈਂਡ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ।

ਟੀਮਾਂ :
ਪਾਕਿਸਤਾਨ
: ਇਮਾਮ ਉਲ ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਹਾਰਿਸ ਸੋਹੇਲ, ਸਰਫਰਾਜ਼ ਅਹਿਮਦ (ਕਪਤਾਨ), ਇਮਾਦ ਵਸੀਮ, ਸ਼ਦਾਬ ਖਾਨ, ਵਹਾਬ ਰਿਆਜ਼, ਮੁਹੰਮਦ ਅਮਿਰ, ਸ਼ਾਹੀਨ ਅਫਰੀਦੀ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲਾਥਮ, ਜੇਮਸ ਨੀਸ਼ਮ, ਕੋਲਿਨ ਡੀ ਗ੍ਰੈਂਡਹਾਮ, ਮਿਸ਼ੇਲ ਸੈੰਟਨਰ, ਮੈਟ ਹੈਨਰੀ, ਲੌਕੀ ਫਾਰਗੁਸਨ, ਟ੍ਰੈਂਟ ਬੋਲਟ।