CWC 2019 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 2 ਵਿਕਟਾਂ ਨਾਲ ਹਰਾਇਆ

06/05/2019 9:40:02 PM

ਲੰਡਨ- ਦੱਖਣੀ ਅਫਰੀਕਾ ਨੂੰ ਫਤਿਹ ਕਰ ਕੇ ਜੋਸ਼ ਦੇ ਨਵੇਂ ਆਸਮਾਨ 'ਤੇ ਸਵਾਰ ਬੰਗਲਾਦੇਸ਼ ਨੂੰ ਹਰਾਉਣ ਵਿਚ ਨਿਊਜ਼ੀਲੈਂਡ ਦਾ ਪਸੀਨਾ ਨਿਕਲ ਗਿਆ। ਉਸ ਨੇ ਬੁੱਧਵਾਰ ਨੂੰ ਆਈ. ਸੀ. ਸੀ. ਵਿਸ਼ਵ ਕੱਪ 2019 ਮੁਕਾਬਲਾ ਬੜੀ ਮੁਸ਼ਕਲ ਨਾਲ 2 ਵਿਕਟਾਂ ਨਾਲ ਜਿੱਤਿਆ। ਨਿਊਜ਼ੀਲੈਂਡ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਜਦਕਿ ਬੰਗਲਾਦੇਸ਼ ਦੀ 2 ਮੈਚਾਂ ਵਿਚ ਪਹਿਲੀ ਹਾਰ ਹੈ।
ਵਿਸ਼ਵ ਦੇ ਨੰਬਰ-1 ਆਲਰਾਊਂਡਰ ਸ਼ਾਕਿਬ ਅਲ ਹਸਨ (64) ਦੇ ਸ਼ਾਨਦਾਰ ਅਰਧ-ਸੈਂਕੜੇ ਨਾਲ ਬੰਗਲਾਦੇਸ਼ ਨੇ 49.2 ਓਵਰਾਂ ਵਿਚ 244 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਟੀਚੇ ਤੱਕ ਪਹੁੰਚਣ ਵਿਚ ਨਿਊਜ਼ੀਲੈਂਡ ਦੇ ਪਸੀਨੇ ਛੁੱਟ ਗਏ। ਉਸ ਨੇ 47.1 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 248 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ।
ਤਜਰਬੇਕਾਰ ਬੱਲੇਬਾਜ਼ ਰਾਸ ਟੇਲਰ ਨੇ 91 ਗੇਂਦਾਂ 'ਤੇ 9 ਚੌਕਿਆਂ ਦੀ ਮਦਦ ਨਾਲ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜੇਕਰ ਟੀਚਾ ਥੋੜ੍ਹਾ ਵੱਡਾ ਹੁੰਦਾ ਤਾਂ ਕੀਵੀ ਟੀਮ ਪ੍ਰੇਸ਼ਾਨੀ ਵਿਚ ਪੈ ਸਕਦੀ ਸੀ। ਹਾਲਾਂਕਿ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਸ਼ਲਾਘਾਯੋਗ ਯਤਨ ਕੀਤਾ। ਨਿਊਜ਼ੀਲੈਂਡ ਦੀਆਂ 8 ਵਿਕਟਾਂ ਕੱਢ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਅਤੇ ਬਾਕੀ ਟੀਮਾਂ ਨੂੰ ਇਹ ਸੰਕੇਤ ਦੇ ਦਿੱਤਾ ਕਿ ਕੋਈ ਉਸ ਨੂੰ ਹਲਕੇ ਵਿਚ ਲੈਣ ਦੀ ਗਲਤੀ ਨਾ ਕਰੇ।
ਕਪਤਾਨ ਕੇਨ ਵਿਲੀਅਮਸਨ ਨੇ 40, ਮਾਰਟਿਨ ਗੁਪਟਿਲ ਨੇ 25, ਕਾਲਿਨ ਮੁਨਰੋ ਨੇ 24, ਜੇਮਸ ਨੀਸ਼ਮ ਨੇ 25 ਅਤੇ ਕਾਲਿਨ ਡੀ ਗ੍ਰੈਂਡਹੋਮ ਨੇ 15 ਦੌੜਾਂ ਬਣਾਈਆਂ। ਮਿਸ਼ੇਲ ਸੇਂਟਨਰ ਨੇ ਅਜੇਤੂ 17 ਦੌੜਾਂ ਬਣਾ ਕੇ ਟੀਮ ਨੂੰ ਸੰਕਟ 'ਚੋਂ ਕੱਢਿਆ ਅਤੇ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ। ਬੰਗਲਾਦੇਸ਼ ਵਲੋਂ ਸ਼ਾਕਿਬ ਅਲ ਹਸਨ, ਮੇਹਦੀ ਹਸਨ, ਮੁਹੰਮਦ ਸੈਫੁਦੀਨ ਅਤੇ ਮੋਸਾਦਕ ਹੁਸੈਨ ਨੇ 2-2 ਵਿਕਟਾਂ ਲਈਆਂ।

ਬੰਗਲਾਦੇਸ਼ ਟੀਮ: ਪਲੇਇੰਗ ਇਲੈਵਨ— ਤਾਮਿਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ (ਮੁਹੰਮਦ ਮਿਥੂਨ, ਮਹਿਮਦੂੱਲਾ, ਮੋਸਾਦਕ ਹੁਸੈਨ, ਮਹਿੰਦੀ ਹਸਨ, ਮੁਹੰਮਦ ਸੈਫੂਦੀਨ, ਮਸ਼ਰਫ਼ੀ ਮੋਤਰਜ਼ਾ (ਕਪਤਾਨ), ਮੁਸਤਫਿਕਜ਼ੁਰ ਰਹਿਮਾਨ

ਨਿਊਜ਼ੀਲੈਂਡ ਟੀਮ: ਪਲੇਇੰਗ ਇਲੈਵਨ— ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲਾਥਮ, ਜੇਮਸ ਨਿਸ਼ਮ, ਕੋਲਿਨ ਡਿ ਗ੍ਰੈਂਡਹਾਮ, ਮਿਚੇਲ ਸੈਨਟਨਰ, ਮੈਟੀ ਹੈਨਰੀ, ਲੌਕੀ ਫਰਗੁਸਨ, ਟਰੈਂਟ ਬੋਲਟ।