IND v PAK : ਡੈਕਵਰਥ ਲੂਈਸ ਨਿਯਮ ਤਹਿਤ ਭਾਰਤ ਨੇ ਪਾਕਿ ਨੂੰ 89 ਦੌੜਾਂ ਨਾਲ ਹਰਾਇਆ

06/16/2019 11:58:30 PM

ਮਾਨਚੈਸਟਰ- 'ਮੈਨ ਆਫ ਦਿ ਮੈਚ' ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਇਕ ਹੋਰ ਸ਼ਾਨਦਾਰ ਸੈਂਕੜੇ ਨਾਲ ਵੱਡਾ ਸਕੋਰ ਬਣਾਉਣ ਵਾਲੇ ਭਾਰਤ ਨੇ ਐਤਵਾਰ ਨੂੰ ਇੱਥੇ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਵਿਸ਼ਵ ਕੱਪ ਵਿਚ ਆਪਣੇ ਇਸ ਪੁਰਾਣੇ ਵਿਰੋਧੀ ਵਿਰੁੱਧ ਜੇਤੂ ਮੁਹਿੰਮ 7-0 'ਤੇ ਪਹੁੰਚਾ ਦਿੱਤੀ। ਭਾਰਤ ਨੇ ਵਿਸ਼ਵ ਕੱਪ ਵਿਚ ਅਜੇ ਤਕ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ ਤੇ ਵਿਰਾਟ ਕੋਹਲੀ ਦੀ ਟੀਮ ਨੇ ਵੀ ਇਹ ਕ੍ਰਮ ਜਾਰੀ ਰੱਖਿਆ। 
ਭਾਰਤ ਨੇ ਮੈਚ 'ਚ 336 ਦੌੜਾਂ ਬਣਾਈਆਂ ਸਨ,  ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ ਜਦੋਂ 35 ਓਵਰਾਂ ਵਿਚ 6 ਵਿਕਟ 'ਤੇ 166 ਦੌੜਾਂ ਬਣਾਈਆਂ ਸਨ ਤਾਂ ਉਦੋਂ ਮੀਂਹ ਆ ਗਿਆ ਸੀ। ਬਾਅਦ ਵਿਚ ਖੇਡ ਸ਼ੁਰੂ ਹੋਣ 'ਤੇ ਪਾਕਿਸਤਾਨ ਨੂੰ 40 ਓਵਰਾਂ ਵਿਚ 302 ਦੌੜਾਂ ਅਰਥਾਤ ਬਾਕੀ ਬਚੇ 5 ਓਵਰਾਂ ਵਿਚ 136 ਦੌੜਾਂ ਦਾ ਟੀਚਾ ਮਿਲਿਆ। ਪਾਕਿਸਤਾਨੀ ਟੀਮ 6 ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ। 
ਇਸ ਤਰ੍ਹਾਂ ਭਾਰਤ ਨੇ ਸਟਾਰ ਸਪੋਰਟਸ ਚੈਨਲ ਵੱਲੋਂ ਬਣਾਈ ਗਈ ਇਕ ਵਿਵਾਦਪੂਰਨ ਐਡ ਨੂੰ ਵੀ ਇਕ ਤਰ੍ਹਾਂ ਨਾਲ ਸਹੀ ਸਾਬਤ ਕਰ ਦਿੱਤਾ, ਜਿਸ ਵਿਚ ਭਾਰਤ ਨੂੰ ਪਾਕਿਸਤਾਨ ਦਾ ਬਾਪ ਦਰਸਾਇਆ ਗਿਆ ਹੈ ਤੇ ਨਾਲ ਹੀ ਉਸ ਨੇ ਵਿਰੋਧੀ ਦੇਸ਼ 'ਤੇ ਜਿੱਤ ਨਾਲ ਇਸ ਦਿਨ ਦਾ ਅਰਥਾਤ ਫਾਦਰਜ਼ ਡੇਅ ਦਾ ਜਸ਼ਨ ਵੀ ਮਨਾ ਲਿਆ। 
PunjabKesari

ਪਾਕਿਸਤਾਨੀ ਪਾਰੀ ਦੌਰਾਨ ਸਿਰਫ ਵਿਚਾਲੇ ਵਿਚ ਇਕ ਦੌਰ ਆਇਆ ਸੀ, ਜਦੋਂ ਭਾਰਤ ਥੋੜ੍ਹਾ ਪ੍ਰੇਸ਼ਾਨੀ ਵਿਚ ਦਿਸਿਆ। ਫਖਰ ਜ਼ਮਾਨ (62) ਤੇ ਬਾਬਰ ਆਜ਼ਮ (48) ਨੇ ਦੂਜੀ ਵਿਕਟ ਲਈ 104 ਦੌੜਾਂ ਜੋੜ ਕੇ ਭਾਰਤੀਆਂ ਨੂੰ ਥੋੜ੍ਹਾ ਦਬਾਅ ਵਿਚ ਲਿਆ ਦਿੱਤਾ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਫਿਰ 12 ਦੌੜਾਂ ਦੇ ਅੰਦਰ 4 ਵਿਕਟਾਂ ਲੈ ਕੇ ਸ਼ਾਨਦਾਰ ਵਾਪਸੀ ਕੀਤੀ। 
ਇਸ ਤੋਂ ਪਹਿਲਾਂ ਹਿੱਟਮੈਨ ਰੋਹਿਤ ਸ਼ਰਮਾ (140) ਦੇ ਜ਼ਬਰਦਸਤ ਸੈਂਕੜੇ ਅਤੇ ਕਪਤਾਨ ਵਿਰਾਟ ਕੋਹਲੀ (77) ਅਤੇ  ਓਪਨਰ ਲੋਕੇਸ਼ ਰਾਹੁਲ (57) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ 50 ਓਵਰਾਂ ਵਿਚ 5 ਵਿਕਟਾਂ 'ਤੇ 336 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਭਾਰਤੀ ਪਾਰੀ ਵਿਚ 46.4 ਓਵਰਾਂ ਤੋਂ ਬਾਅਦ ਮੀਂਹ ਆਇਆ ਤੇ ਤਕਰੀਬਨ 50 ਮਿੰਟ ਤਕ ਖੇਡ ਰੁਕੀ ਰਹੀ ਪਰ ਓਵਰਾਂ ਵਿਚ ਕੋਈ ਕਟੌਤੀ ਨਹੀਂ ਹੋਈ ਤੇ 50 ਓਵਰ ਪੂਰੇ ਕੀਤੇ ਗਏ।
ਰੋਹਿਤ ਨੇ ਜਿੱਥੇ ਆਪਣਾ 24ਵਾਂ ਸੈਂਕੜਾ ਬਣਾਇਆ, ਉਥੇ ਹੀ ਵਿਰਾਟ ਨੇ ਵਨ ਡੇ ਕ੍ਰਿਕਟ ਵਿਚ 11 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਵਿਰਾਟ ਇਸਦੇ ਨਾਲ ਹੀ ਸਭ ਤੋਂ ਤੇਜ਼ 11 ਹਜ਼ਾਰੀ ਵੀ ਬਣ ਗਿਆ। ਰੋਹਿਤ ਨੇ ਰਾਹੁਲ ਨਾਲ ਓਪਨਿੰਗ ਸਾਂਝੇਦਾਰੀ ਵਿਚ 136 ਦੌੜਾਂ ਤੇ ਵਿਰਾਟ ਨਾਲ ਦੂਜੀ ਵਿਕਟ ਲਈ ਕੀਤੀ ਸਾਂਝੇਦਾਰੀ ਵਿਚ 98 ਦੌੜਾਂ ਜੋੜੀਆਂ। ਵਿਰਾਟ ਨੇ ਪੰਡਯਾ ਨਾਲ ਤੀਜੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ। 
ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਰਾਹੁਲ ਨੂੰ ਓਪਨਿੰਗ ਵਿਚ ਉਤਰਨ ਦਾ ਮੌਕਾ ਮਿਲਿਆ ਤੇ ਉਸ ਨੇ ਇਸਦਾ ਪੂਰਾ ਫਾਇਦਾ ਚੁੱਕਦੇ ਹੋਏ ਆਪਣਾ ਪਹਿਲਾ ਵਿਸ਼ਵ ਕੱਪ ਅਰਧ ਸੈਂਕੜਾ ਬਣਾ ਦਿੱਤਾ। ਰਾਹੁਲ ਨੇ 78 ਗੇਂਦਾਂ 'ਤੇ 57 ਦੌੜਾਂ ਵਿਚ 3 ਚੌਕੇ ਤੇ 2 ਛੱਕੇ ਲਾਏ। 
ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਨੇ ਇਸ ਵਿਸ਼ਵ ਕੱਪ ਵਿਚ ਆਪਣਾ ਦੂਜਾ ਸੈਂਕੜਾ ਤੇ ਕੁਲ ਆਪਣਾ 24ਵਾਂ ਸੈਂਕੜਾ ਬਣਾਇਆ।  ਰੋਹਿਤ ਨੇ ਦੱਖਣੀ ਅਫਰੀਕਾ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ ਅਜੇਤੂ 122 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਰੋਹਿਤ ਨੇ ਆਸਟਰੇਲੀਆ ਵਿਰੁੱਧ ਅਰਧ ਸੈਂਕੜਾ ਵੀ ਬਣਾਇਆ ਸੀ।

PunjabKesari

ਪਾਕਿਸਤਾਨ ਨੇ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੀ ਫੀਲਡਿੰਗ ਕਾਫੀ ਖਰਾਬ ਰਹੀ ਤੇ ਉਸ ਨੇ ਰੋਹਿਤ ਤੇ ਰਾਹੁਲ ਨੂੰ ਰਨ ਆਊਟ ਕਰਨ ਦੇ ਮੌਕੇ ਗੁਆਏ, ਜਿਨ੍ਹਾਂ ਦਾ ਫਾਇਦਾ ਚੁੱਕ ਕੇ ਰੋਹਿਤ ਨੇ ਸੈਂਕੜਾ ਤੇ ਰਾਹੁਲ ਨੇ ਅਰਧ ਸੈਂਕੜਾ ਬਣਾਇਆ। ਵਹਾਬ ਰਿਆਜ਼ ਨੇ ਰਾਹੁਲ ਨੂੰ ਬਾਬਰ ਆਜ਼ਮ ਹੱਥੋਂ ਕੈਚ ਕਰਵਾਇਆ ਪਰ ਉਸ ਤੋਂ ਬਾਅਦ ਰੋਹਿਤ ਤੇ ਵਿਰਾਟ ਵਿਚਾਲੇ ਸ਼ਾਦਨਾਰ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਦਾ ਅੰਤ ਰੋਹਿਤ ਦੇ ਸਕੂਪ ਸ਼ਾਟ ਨਾਲ ਹੋਇਆ। ਹਸਨ ਅਲੀ ਦੀ ਗੇਂਦ 'ਤੇ ਰੋਹਿਤ ਨੇ ਰਿਆਜ਼ ਨੂੰ ਕੈਚ ਦੇ ਦਿੱਤਾ।
ਪੰਡਯਾ ਨੇ ਆਉਣ ਨਾਲ ਹੀ ਕੁਝ ਜ਼ੋਰਦਾਰ ਸ਼ਾਟਾਂ ਖੇਡੀਆਂ ਤੇ 19 ਗੇਂਦਾਂ ਵਿਚ 2 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਪੰਡਯਾ ਨੇ ਮੁਹੰਮਦ ਆਮਿਰ 'ਤੇ ਹੈਲੀਕਾਪਟਰ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਬਾਊਂਡਰੀ 'ਤੇ ਖੜ੍ਹੇ ਬਾਬਰ ਆਜ਼ਾਮ ਨੂੰ ਕੈਚ ਦੇ ਦਿੱਤਾ। ਮਹਿੰਦਰ ਸਿੰਘ ਧੋਨੀ ਜ਼ਿਆਦਾ ਦੇਰ ਕ੍ਰੀਜ਼ 'ਤੇ ਰਹਿ ਨਹੀਂ ਸਕਿਆ ਤੇ ਇਕ ਦੌੜ ਬਣਾ ਕੇ ਆਮਿਰ ਦੀ ਗੇਂਦ 'ਤੇ ਵਿਕਟਕੀਪਰ ਸਰਫਰਾਜ਼ ਅਹਿਮਦ ਹੱਥੋਂ ਕੈਚ ਹੋ ਗਿਆ। ਇਸ ਵਿਚਾਲੇ ਵਿਰਾਟ ਨੇ ਆਪਣੀ ਪਾਰੀ ਦੀ 57ਵੀਂ ਦੌੜ ਬਣਾਉਣ ਦੇ ਨਾਲ ਹੀ ਵਨ ਡੇ ਵਿਚ 11 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਭਾਰਤ ਦੇ ਤੀਜੇ ਤੇ ਦੁਨੀਆ ਦਾ ਨੌਵਾਂ ਬੱਲੇਬਾਜ਼ ਬਣ ਗਿਆ। 
ਭਾਰਤੀ ਪਾਰੀ ਦੀਆਂ 300 ਦੌੜਾਂ ਪੂਰੀਆਂ ਹੋ ਚੁੱਕੀਆਂ ਸਨ ਤੇ 47ਵਾਂ ਓਵਰ ਚੱਲ ਰਿਹਾ ਸੀ ਪਰ ਵਹਾਬ ਰਿਆਜ਼ ਦੇ ਇਸ ਓਵਰ ਦੀ ਚੌਥੀ ਗੇਂਦ ਤੋਂ ਬਾਅਦ ਮੀਂਹ ਆ ਗਿਆ ਤੇ ਖੇਡ ਰੁਕਿਆ ਰਿਹਾ। ਉਸ ਸਮੇਂ ਵਿਰਾਟ 71 ਤੇ ਵਿਜੇ ਸ਼ੰਕਰ 3 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ। ਇਸ ਓਵਰ ਦੀ ਚੌਥੀ ਗੇਂਦ 'ਤੇ ਸ਼ੰਕਰ ਨੇ ਸਫਲ ਡੀ. ਆਰ. ਐੱਸ. ਵੀ ਲਿਆ। ਖੇਡ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਤੇਜ਼ ਬਾਊਂਸਰ 'ਤੇ ਵਿਰਾਟ ਵਿਕਟੀਕਪਰ ਸਰਫਰਾਜ਼ ਨੂੰ ਕੈਚ ਦੇ ਬੈਠਾ। ਵਿਰਾਟ ਨੇ 65 ਗੇਂਦਾਂ 'ਤੇ 77 ਦੌੜਾਂ ਵਿਚ 7 ਚੌਕੇ ਲਾਏ।
ਵਿਸ਼ਵ ਕੱਪ ਵਿਚ ਆਪਣਾ ਪਹਿਲਾ ਮੈਚ ਖੇਡ ਰਹੇ ਵਿਜੇ ਸ਼ੰਕਰ ਨੇ 15 ਗੇਂਦਾਂ 'ਤੇ ਅਜੇਤੂ 15 ਦੌੜਾਂ ਤੇ ਕੇਦਾਰ ਜਾਧਵ ਨੇ 8 ਗੇਂਦਾਂ 'ਤੇ ਅਜੇਤੂ 9 ਦੌੜਾਂ ਬਣਾ ਕੇ ਭਾਰਤ ਨੂੰ 336 ਤਕ ਪਹੁੰਚਾਇਆ। ਪਾਕਿਸਤਾਨੀ ਗੇਂਦਬਾਜ਼ਾਂ ਖਾਸ ਤੌਰ 'ਤੇ ਮੁਹੰਮਦ ਆਮਿਰ ਨੇ ਡੈੱਥ ਓਵਰਾਂ ਵਿਚ ਚੰਗੀ ਵਾਪਸੀ ਕੀਤੀ ਤੇ ਭਾਰਤ ਨੂੰ 350 ਤਕ ਨਹੀਂ ਪਹੁੰਚਣ ਦਿੱਤਾ। ਆਮਿਰ ਨੇ 10 ਓਵਰਾਂ ਵਿਚ 47 ਦੌੜਾਂ 'ਤੇ 3 ਵਿਕਟਾਂ ਲਈਆਂ, ਜਦਕਿ ਰਿਆਜ਼ ਨੇ 10 ਓਵਰਾਂ ਵਿਚ 71 ਦੌੜਾਂ 'ਤੇ ਇਕ ਵਿਕਟ ਲਈ। ਹਸਨ ਅਲੀ ਨੇ 9 ਓਵਰਾਂ ਵਿਚ 84 ਦੌੜਾਂ 'ਤੇ ਇਕ ਵਿਕਟ ਲਈ ਪਰ ਇਸਦੇ ਨਾਲ ਹੀ ਉਹ ਵਿਸ਼ਵ ਕੱਪ ਵਿਚ ਪਾਕਿਸਤਾਨ ਦਾ ਸਭ ਤੋਂ ਮਹਿੰਗਾ ਗੇਂਦਬਾਜ਼ ਬਣ ਗਿਆ।  

ਟੀਮਾਂ:
ਭਾਰਤ : ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।
ਪਾਕਿਸਤਾਨ : ਇਮਾਮ-ਉਲ-ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ (ਕਪਤਾਨ), ਸ਼ੋਏਬ ਮਲਿਕ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਵਹਾਬ ਰਿਆਜ਼, ਮੁਹੰਮਦ ਆਮਿਰ।


Related News