CWC 2019 : ਬਲੀਦਾਨ ਬੈਜ 'ਤੇ ICC ਦੀ ਰੋਕ, ਕਿਹਾ- ਧੋਨੀ ਨੇ ਕੀਤੀ ਨਿਯਮਾਂ ਦੀ ਉਲੰਘਣਾ

06/07/2019 10:09:44 PM

ਮੁੰਬਈ/ਲੰਡਨ– ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ 'ਤੇ ਭਾਰਤੀ ਫੌਜ ਦੇ ਬਲੀਦਾਨ ਬੈਜ ਨੂੰ ਲੈ ਕੇ ਉਠੇ ਬੇਲੋੜੇ ਵਿਵਾਦ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਝਟਕਾ ਦਿੰਦੇ ਹੋਏ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਕਿਹਾ ਹੈ ਕਿ ਧੋਨੀ ਨੂੰ ਇਹ ਬੈਜ ਹਟਾਉਣੇ ਹੋਣਗੇ। ਆਈ. ਸੀ. ਸੀ. ਦਾ ਕਹਿਣਾ ਹੈ ਕਿ ਦਸਤਾਨਿਆਂ 'ਤੇ ਨਿੱਜੀ ਸੰਦੇਸ਼ ਗਲਤ ਹਨ। ਇਸ ਲਈ ਧੋਨੀ ਨੂੰ ਆਪਣੇ ਦਸਤਾਨਿਆਂ ਤੋਂ ਬਲੀਦਾਨ ਬੈਜ ਨੂੰ ਹਟਾਉਣਾ ਹੋਵੇਗਾ। ਬੀ. ਸੀ. ਸੀ. ਆਈ. ਨੇ ਇਸ ਮੁੱਦੇ 'ਤੇ ਆਈ. ਸੀ. ਸੀ. ਨੂੰ ਲਚਕੀਲਾਪਨ ਵਿਖਾਉਣ ਲਈ ਕਿਹਾ ਸੀ। ਬੀ. ਸੀ. ਸੀ. ਆਈ. ਦਾ ਕਹਿਣਾ ਸੀ ਕਿ ਧੋਨੀ ਨੂੰ ਉਨ੍ਹਾਂ ਦੇ ਦਸਤਾਨਿਆਂ ਤੋਂ ਬਲੀਦਾਨ ਬੈਜ ਹਟਾਉਣ ਦੀ ਕੋਈ ਲੋੜ ਨਹੀਂ।
ਖੇਡ ਮੰਤਰੀ ਨੇ ਕਿਹਾ ਸੀ-ਢੁੱਕਵੇਂ ਕਦਮ ਚੁੱਕੇ ਬੋਰਡ
ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਵੀ ਮੰਗ ਕੀਤੀ ਸੀ ਕਿ ਬੀ. ਸੀ. ਸੀ. ਆਈ. ਇਸ ਮਾਮਲੇ ਵਿਚ ਢੁੱਕਵੇਂ ਕਦਮ ਚੁੱਕੇ। ਉਨ੍ਹਾਂ ਇਕ ਟਵਿਟਰ 'ਤੇ ਲਿਖਿਆ,''ਸਰਕਾਰ ਖੇਡ ਅਦਾਰਿਆਂ ਦੇ ਮਾਮਲੇ ਵਿਚ ਦਖਲ ਨਹੀਂ ਦਿੰਦੀ। ਅਦਾਰੇ ਖੁਦਮੁਖਤਾਰ ਹਨ ਪਰ ਜਦੋਂ ਮੁੱਦਾ ਦੇਸ਼ ਦੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ ਤਾਂ ਰਾਸ਼ਟਰ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਮੈਂ ਬੀ. ਸੀ. ਸੀ. ਆਈ. ਨੂੰ ਬੇਨਤੀ ਕਰਦਾ ਹਾਂ ਕਿ ਉਹ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ਸਬੰਧੀ ਮਾਮਲੇ ਬਾਰੇ ਢੁੱਕਵੇਂ ਕਦਮ ਚੁੱਕੇ।
ਦੇਸ਼ ਵਿਚ ਗੁੱਸੇ ਦੀ ਲਹਿਰ
ਆਈ. ਸੀ. ਸੀ. ਦੇ ਉਕਤ ਫੈਸਲੇ ਪਿੱਛੋਂ ਦੇਸ਼ ਦੇ ਸਭ ਕ੍ਰਿਕਟ ਪ੍ਰੇਮੀਆਂ ਵਿਚ ਗੁੱਸੇ ਦੀ ਲਹਿਰ ਹੈ। ਧੋਨੀ ਹਮਾਇਤੀ ਟਵਿਟਰ ਅਤੇ ਸੋਸ਼ਲ ਮੀਡੀਆ ਰਾਹੀਂ ਆਈ. ਸੀ. ਸੀ. ਵਿਰੁੱਧ ਆਪਣੀ ਭੜਾਸ ਕੱਢ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਆਈ. ਸੀ. ਸੀ. ਨੇ ਦੇਸ਼ ਦਾ ਅਪਮਾਨ ਕੀਤਾ ਹੈ। ਇਸ ਲਈ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਵਿਸ਼ਵ ਕੱਪ ਜਿੱਤ ਕੇ ਵਾਪਸ ਆ ਜਾਣ।
ਕੀ ਕਹਿੰਦੇ ਹਨ ਆਈ. ਸੀ. ਸੀ. ਦੇ ਨਿਯਮ
ਆਈ. ਸੀ. ਸੀ. ਦੇ ਨਿਯਮਾਂ ਮੁਤਾਬਕ ਖਿਡਾਰੀਆਂ ਦੇ ਕੱਪੜਿਆਂ ਜਾਂ ਹੋਰਨਾਂ ਵਸਤਾਂ 'ਤੇ ਕੌਮਾਂਤਰੀ ਮੈਚ ਦੌਰਾਨ ਸਿਆਸਤ, ਧਰਮ ਜਾਂ ਨਸਲੀ ਵਿਤਕਰੇ ਬਾਰੇ ਕੋਈ ਸੰਦੇਸ਼ ਅੰਕਿਤ ਨਹੀਂ ਹੋਣਾ ਚਾਹੀਦਾ।

Gurdeep Singh

This news is Content Editor Gurdeep Singh