CWC 2019 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ

06/24/2019 10:44:10 PM

ਸਾਊਥੰਪਟਨ— 'ਮੈਨ ਆਫ ਦਿ ਮੈਚ' ਸ਼ਾਕਿਬ ਅਲ ਹਸਨ ਨੇ ਅਰਧ ਸੈਂਕੜਾ ਤੇ 5 ਵਿਕਟਾਂ ਦਾ ਅਨੋਖਾ ਡਬਲ ਬਣਾਇਆ ਜਦਕਿ ਮੁਸ਼ਫਿਕਰ ਰਹੀਮ ਨੇ ਵੱਡੀ  ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਨਾਲ ਬੰਗਲਾਦੇਸ਼ ਨੇ ਸੋਮਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ।
ਬੰਗਲਾਦੇਸ਼ ਨੇ ਮੁਸ਼ਫਿਕਰ ਰਹੀਮ (83) ਤੇ ਸ਼ਾਕਿਬ ਅਲ ਹਸਨ (51) ਦੇ ਅਰਧ ਸੈਂਕੜਿਆਂ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ 'ਤੇ 262 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਸ਼ਾਕਿਬ ਨੇ ਬਾਅਦ ਵਿਚ ਗੇਂਦਬਾਜ਼ੀ ਵਿਚ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 10 ਓਵਰਾਂ ਵਿਚ 29 ਦੌੜਾਂ ਦੇ ਕੇ 5 ਵਿਕਟਾਂ ਲਈਆਂ ਤੇ ਅਫਗਾਨਿਸਤਾਨ ਨੂੰ 47 ਓਵਰਾਂ ਵਿਚ 200 ਦੌੜਾਂ 'ਤੇ ਆਊਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਬੰਗਲਾਦੇਸ਼ ਦੀ ਇਹ 7 ਮੈਚਾਂ ਵਿਚੋਂ ਤੀਜੀ ਜਿੱਤ ਹੈ, ਜਿਸ ਨਾਲ ਉਸ ਦੇ 7 ਅੰਕ ਹੋ ਗਏ ਹਨ ਤੇ ਉਹ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਅਫਗਾਨਿਸਤਾਨ ਦੀ ਇਹ ਲਗਾਤਰਾ ਸੱਤਵੀਂ ਹਾਰ ਹੈ। 


ਪਿੱਚ ਹੌਲੀ ਖੇਡ ਰਹੀ ਸੀ ਤੇ ਅਜਿਹੇ ਵਿਚ ਦੌੜਾਂ ਬਣਾਉਣਾ ਆਸਾਨ ਨਹੀਂ ਸੀ। ਉਸ ਵਲੋਂ ਸਮੀਮਉੱਲ੍ਹਾ ਸ਼ਿਨਵਾਰੀ ਨੇ ਅਜੇਤੂ 49 ਦੌੜਾਂ ਤੇ ਕਪਤਾਨ ਗੁਲਬਦਿਨ ਨਾਯਬ ਨੇ 47 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕਰ ਨੇ 87 ਗੇਂਦਾਂ 'ਤੇ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 83 ਦੌੜਾਂ ਬਣਾਈਆਂ। ਮੁਸ਼ਫਿਕਰ ਨੇ ਸ਼ਾਕਿਬ ਨਾਲ ਮਿਲ ਕੇ ਤੀਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਕਿਬ ਨੇ 69 ਗੇਂਦਾਂ 'ਤੇ 51 ਦੌੜਾਂ ਦੀ ਪਾਰੀ ਵਿਚ 1 ਚੌਕਾ ਲਾਇਆ। ਮੁਸ਼ਫਿਕਰ ਦੀ ਵਿਕਟ 48.3 ਓਵਰਾਂ ਵਿਚ ਟੀਮ ਦੇ 251 ਦੌੜਾਂ ਦੇ ਸਕੋਰ 'ਤੇ ਡਿੱਗੀ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਤੇ ਲਿਟਨ ਦਾਸ ਵਿਚਾਲੇ ਪਹਿਲੀ ਵਿਕਟ ਲਈ 23 ਦੌੜਾਂ ਦੀ ਸਾਂਝੇਦਾਰੀ ਹੋਈ। ਪਹਿਲੀ ਵਿਕਟ ਜਲਦੀ ਡਿੱਗਣ ਤੋਂ ਬਾਅਦ ਤਮੀਮ ਨੇ ਸ਼ਾਕਿਬ ਨਾਲ ਮਿਲ ਕੇ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਹੋਈ। ਤਮੀਮ ਨੇ 53 ਗੇਂਦਾਂ 'ਤੇ 4 ਚੌਕੇ ਲਾ ਕੇ 36 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਪਾਰੀ ਵਿਚ ਲਿਟਨ ਦਾਸ ਨੇ 17 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 16 ਦੌੜਾਂ ਤੇ ਮੋਸਾਡੇਕ ਹੁਸੈਨ ਨੇ 4 ਚੌਕਿਆਂ ਦੀ ਸਹਾਇਤਾ ਨਾਲ 35 ਦੌੜਾਂ ਬਣਾਈਆਂ। ਮਹਿਮੂਦਉੱਲ੍ਹਾ ਨੇ 27 ਦੌੜਾਂ ਦੀ ਆਪਣੀ ਪਾਰੀ ਵਿਚ ਦੋ ਚੌਕੇ ਲਾਏ। ਸੌਮਿਆ ਸਰਕਾਰ 3 ਦੌੜਾਂ ਬਣਾ ਕੇ ਆਊਟ ਹੋਇਆ ਅਤੇ ਮੁਹੰਮਦ ਸੈਫਉੱਦੀਨ 2 ਦੌੜਾਂ ਬਣਾ ਕੇ ਅਜੇਤੂ ਰਿਹਾ। ਅਫਗਾਨਿਸਤਾਨ ਵਲੋਂ ਮੁਜੀਬ-ਉਰ-ਰਹਿਮਾਨ ਨੇ 10 ਓਵਰਾਂ ਵਿਚ 39 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਗੁਲਬਦਿਨ ਨਾਇਬ ਨੇ 10 ਓਵਰਾਂ ਵਿਚ 56 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਦੌਲਤ ਜ਼ਾਦਰਾਨ ਤੇ ਮੁਹੰਮਦ ਨਬੀ ਨੂੰ ਇਕ-ਇਕ ਵਿਕਟ ਮਿਲੀ। 

 ਟੀਮਾਂ :
ਅਫਗਾਨਿਸਤਾਨ :
ਗੁਲਬਦੀਨ ਨਾਇਬ (ਕਪਤਾਨ), ਰਹਿਮਤ ਸ਼ਾਹ, ਹਾਸ਼ਮਤੁਲਾ ਸ਼ਾਹਿਦੀ, ਅਸਗਰ ਅਫਗਾਨ, ਮੁਹੰਮਦ ਨਬੀ, ਨਜੀਬੁੱਲਾ ਜ਼ਾਦਰਨ, ਸ਼ਮਿਉਲ੍ਹਾ ਸ਼ਿਨਵਰੀ, ਇਕਰਾਮ ਅਲੀ ਖਿਲ, ਰਾਸ਼ਿਦ ਖ਼ਾਨ, ਡਾਉਲਤ ਜ਼ਾਦਰਾਨ, ਮੁਜੀਬ ਉਰ ਰਹਿਮਾਨ।
ਬੰਗਲਾਦੇਸ਼ : ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮਹਿਮੁਦੁੱਲਾ, ਮੋਸਦਕ ਹੁਸੈਨ, ਮੁਹੰਮਦ ਸੈਫੂਦੀਨ, ਮਹਿਦੀ ਹਸਨ, ਮਸ਼ਰਫ਼ੇ ਮੁਤਰਜ਼ਾ (ਕਪਤਾਨ), ਮੁਸਤਫਿਜ਼ੁਰ ਰਹਿਮਾਨ