CWC 2019 : ਰੋਹਿਤ ਨੇ ਛੱਕਾ ਮਾਰ ਜ਼ਖਮੀ ਕੀਤੀ ਕੁੜੀ, ਬਾਅਦ ''ਚ ਮੰਗੀ ਮੁਆਫੀ

07/03/2019 2:23:31 AM

ਬਰਮਿੰਘਮ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ 'ਚ ਭਾਰਤ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਇਸ ਮੈਚ 'ਚ ਭਾਰਤ ਦੇ ਲਈ ਰੋਹਿਤ ਸ਼ਰਮਾ ਨੇ ਰਿਕਾਰਡ ਚੌਥਾ ਸੈਂਕੜਾ ਲਗਾਇਆ। ਰੋਹਿਤ ਦਾ ਇਹ ਵਿਸ਼ਵ ਕੱਪ 'ਚ ਚੌਥਾ ਸੈਂਕੜਾ ਹੈ ਤੇ ਇਕ ਹੀ ਵਿਸ਼ਵ ਕੱਪ ਇਸ ਤਰ੍ਹਾ ਰਿਕਾਰਡ ਬਣਾਉਣ ਵਾਲੇ ਉਹ ਦੂਜੇ ਬੱਲੇਬਾਜ਼ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ ਦੇ ਰਿਕਾਰਡ ਦੀ ਬਰਾਬਰੀ ਕੀਤੀ, ਜਿਨ੍ਹਾਂ ਨੇ 2015 ਦੇ ਵਿਸ਼ਵ ਕੱਪ 'ਚ 4 ਮੈਚਾਂ 'ਚ ਲਗਾਤਾਰ ਸੈਂਕੜੇ ਲਗਾਏ ਸੀ। ਰੋਹਿਤ ਨੇ ਬੰਗਲਾਦੇਸ਼ ਵਿਰੁੱਧ 92 ਗੇਂਦਾਂ 'ਚ 104 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ 'ਚ 6 ਚੌਕੇ ਤੇ 5 ਛੱਕੇ ਸ਼ਾਮਲ ਹਨ। 


ਇਸ ਦੇ ਨਾਲ ਹੀ ਜਦੋਂ ਬੱਲੇਬਾਜ਼ੀ ਦੇ ਦੌਰਾਨ ਰੋਹਿਤ ਨੇ ਇਕ ਛੱਕਾ ਲਗਾਇਆ ਤਾਂ ਭਾਰਤੀ ਫੈਨਸ ਦੇ ਵਿਚ ਗੈਲਰੀ 'ਚ ਬੈਠੀ ਇਕ ਕੁੜੀ ਨੂੰ ਗੇਂਦ ਜਾ ਲੱਗੀ। ਤੇਜ਼ ਗੇਂਦ ਲੱਗਣ ਨਾਲ ਲੜਕੀ ਜ਼ਖਮੀ ਹੋ ਗਈ। ਇਸ ਦੀ ਜਾਣਕਾਰੀ ਰੋਹਿਤ ਨੂੰ ਪਤਾ ਲੱਗੀ ਤਾਂ ਉਨ੍ਹਾ ਨੇ ਮੈਚ ਤੋਂ ਬਾਅਦ ਇਸ ਕੁੜੀ ਨਾਲ ਮੁਲਾਕਾਤ ਕੀਤੀ ਤੇ ਮੁਆਫੀ ਮੰਗੀ। ਨਾਲ ਹੀ ਰੋਹਿਤ ਨੇ ਉਸ ਨੂੰ ਆਪਣੇ ਆਟੋਗ੍ਰਾਫ ਵਾਲੀ ਇਕ ਹੈਟ ਵੀ ਗਿਫਟ (ਤੋਹਾਫਾ) ਕੀਤੀ। ਇਸ ਮੁਲਾਕਾਤ ਨਾਲ ਲੜਕੀ ਤੇ ਉਸਦੇ ਪਰਿਵਾਰ ਵਾਲੇ ਬਹੁਤ ਖੁਸ਼ ਹੋਏ ਨਾਲ ਹੀ ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।


ਜ਼ਿਕਰਯੋਗ ਹੈ ਕਿ ਹਿੱਟਮੈਨ ਰੋਹਿਤ ਸ਼ਰਮਾ (104) ਦੇ ਰਿਕਾਰਡ ਸੈਂਕੜੇ ਤੇ ਉਸ ਦੀ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਤੋਂ ਬਾਅਦ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਵਿਸ਼ਵ ਕੱਪ ਦੇ ਰੋਮਾਂਚਕ ਲੀਗ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਦੀ ਬਦੌਲਤ 50 ਓਵਰਾਂ ਵਿਚ 9 ਵਿਕਟਾਂ 'ਤੇ 314 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਬੁਮਰਾਹ (55 ਦੌੜਾਂ 'ਤੇ 4 ਵਿਕਟਾਂ) ਤੇ ਪੰਡਯਾ (60 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 48 ਓਵਰਾਂ ਵਿਚ 286 ਦੌੜਾਂ 'ਤੇ ਹੀ ਢੇਰ ਹੋ ਗਈ।

Gurdeep Singh

This news is Content Editor Gurdeep Singh