CWC 2019 : ਨੰਬਰ ਇਕ ਇੰਗਲੈਂਡ ਦਾ ਮੁਕਾਬਲਾ ਫਾਡੀ ਅਫਗਾਨਿਸਤਾਨ ਨਾਲ

06/18/2019 4:02:33 AM

ਮਾਨਚੈਸਟਰ- ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਆਈ. ਸੀ. ਸੀ. ਵਿਸ਼ਵ ਕੱਪ ਦੇ ਅੰਕ ਸੂਚੀ ਵਿਚ ਹੇਠਲੇ ਸਥਾਨ ਦੀ ਟੀਮ ਅਫਗਾਨਿਸਤਾਨ ਨੂੰ ਮੰਗਲਵਾਰ ਹੋਣ ਵਾਲੇ ਮੁਕਾਬਲੇ 'ਚ ਪੂਰੀ ਤਰ੍ਹਾਂ ਧੋਣ ਦੇ ਇਰਾਦੇ ਨਾਲ ਉੱਤਰੇਗੀ।
ਮੀਂਹ ਪ੍ਰਭਾਵਿਤ ਆਪਣੇ ਪਿਛਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਦੇ ਹੱਥੋਂ ਹਾਰ ਕੇ ਟੂਰਨਾਮੈਂਟ 'ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰ ਚੁੱਕੀ ਅਫਗਾਨਿਸਤਾਨ ਦਾ ਅਗਲਾ ਮੈਚ ਜੇਤੂ ਰੱਥ 'ਤੇ ਸਵਾਰ ਮੇਜ਼ਬਾਨ ਇੰਗਲੈਂਡ ਨਾਲ ਮੰਗਲਵਾਰ ਨੂੰ ਮਾਨਚੈਸਟਰ ਨਾਲ ਹੋਵੇਗਾ। ਇਸ ਮੁਕਾਬਲੇ ਵਿਚ ਇੰਗਲੈਂਡ ਪ੍ਰਮੁੱਖ ਦਾਅਵੇਦਾਰ ਹੈ, ਜਦਕਿ ਅਫਗਾਨਿਸਤਾਨ ਨੂੰ ਟੂਰਨਾਮੈਂਟ 'ਚ ਬਣੇ ਰਹਿਣ ਲਈ ਕੋਈ ਚਮਤਕਾਰ ਕਰਨਾ ਪਵੇਗਾ।
ਇਹ ਮੁਕਾਬਲਾ ਅਫਗਾਨਿਸਤਾਨ ਲਈ ਟੂਰਨਾਮੈਂਟ ਵਿਚ ਅੱਗੇ ਦੀ ਤਸਵੀਰ ਕਾਫੀ ਹੱਦ ਤਕ ਸਾਫ ਕਰੇਗਾ। ਅਫਗਾਨ ਟੀਮ ਨੂੰ ਵਿਸ਼ਵ ਕੱਪ ਵਿਚ ਬਣੇ ਰਹਿਣ ਲਈ ਇਸ ਮੁਕਾਬਲੇ 'ਚ ਹਰ ਹਾਲ ਵਿਚ ਜਿੱਤ ਹਾਸਲ ਕਰਨੀ ਪਵੇਗੀ। ਅਫਗਾਨਿਸਤਾਨ ਨੇ ਅਜੇ ਤਕ 4 ਮੁਕਾਬਲੇ ਖੇਡੇ ਹਨ ਤੇ ਇਸ ਟੂਰਨਾਮੈਂਟ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਅਸਫਲ ਰਹੀ ਹੈ, ਜਦਕਿ ਮੇਜ਼ਬਾਨ ਇੰਗਲੈਂਡ ਨੇ 4 ਮੁਕਾਬਲਿਆਂ 'ਚੋਂ 3 ਜਿੱਤੇ ਹਨ ਤੇ ਉਸ ਨੂੰ ਇਕਲੌਤੀ ਹਾਰ ਪਾਕਿਸਤਾਨ ਹੱਥੋਂ ਮਿਲੀ ਹੈ।
ਇੰਗਲੈਂਡ ਨੇ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤੇ ਹਨ। ਉਸ ਨੇ ਬੰਗਲਾਦੇਸ਼ ਨੂੰ 106 ਦੌੜਾਂ ਦੇ ਵੱਡੇ ਫਰਕ ਨਾਲ ਤੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਹਾਲਾਂਕਿ ਮੇਜ਼ਬਾਨ ਟੀਮ ਲਈ ਉਸ ਦੇ ਕਪਤਾਨ ਇਯੋਨ ਮੋਰਗਨ ਤੇ ਸਲਾਮੀ ਬੱਲੇਬਾਜ਼ ਜੈਸਨ ਰਾਏ ਦੀ ਫਿਟਨੈੱਸ ਚਿੰਤਾ ਦਾ ਸਬੱਬ ਹੈ। ਦੋਵੇਂ ਹੀ ਖਿਡਾਰੀ ਜ਼ਖ਼ਮੀ ਹੋਣ ਕਾਰਨ ਵੈਸਟਇੰਡੀਜ਼ ਵਿਰੁੱਧ ਮੈਚ ਵਿਚਾਲੇ ਹੀ ਮੈਦਾਨ 'ਚੋਂ ਬਾਹਰ ਚਲੇ ਗਏ ਸਨ। 
ਇੰਗਲੈਂਡ ਲਈ ਚੰਗੀ ਗੱਲ ਹੈ ਕਿ ਜੈਸਨ ਰਾਏ ਦੀ ਗੈਰ-ਹਾਜ਼ਰੀ ਵਿਚ ਓਪਨਿੰਗ ਕਰਨ ਉੱਤਰਿਆ, ਜੋ ਰੂਟ ਆਪਣੀ ਫਾਰਮ ਵਿਚ ਹੈ ਤੇ ਉਸ ਨੇ ਪਿਛਲੇ ਮੈਚ ਵਿਚ ਸੈਂਕੜਾ ਲਾਇਆ ਸੀ। ਹਾਲਾਂਕਿ ਰੂਟ ਅਫਗਾਨਿਸਤਾਨ ਵਿਰੁੱਧ ਨੰਬਰ 3 ਦੇ ਸਥਾਨ 'ਤੇ ਉੱਤਰੇਗਾ ਕਿਉਂਕਿ ਰਾਏ ਦੀ ਜਗ੍ਹਾ ਜੇਮਸ ਵਿੰਸ ਨੂੰ ਆਖਰੀ-11 ਵਿਚ ਸਥਾਨ ਮਿਲ ਸਕਦਾ ਹੈ।
ਅਫਗਾਨਿਸਤਾਨ ਕੋਲ ਚੰਗੇ ਸਪਿਨ ਗੇਂਦਬਾਜ਼ ਹਨ, ਜੋ ਮੈਚ ਦਾ ਰੁਖ ਮੋੜ ਸਕਦੇ ਹਨ ਪਰ ਉਸ ਨੂੰ ਆਪਣੀ ਬੱਲੇਬਾਜ਼ੀ ਵਿਚ ਬੇਹੱਦ ਸੁਧਾਰ ਦੀ ਲੋੜ ਹੈ। ਅਫਗਾਨਿਸਤਾਨ ਦੀ ਟੀਮ ਨੂੰ ਵਿਕਟ 'ਤੇ ਟਿਕ ਕੇ ਪੂਰੇ 50 ਓਵਰ ਖੇਡਣ ਦੀ ਕੋਸ਼ਿਸ਼ ਕਰਨੀ ਪਵੇਗੀ, ਤਦ ਉਹ ਮੇਜ਼ਬਾਨ ਦੇ ਸਾਹਮਣੇ ਕੋਈ ਚੁਣੌਤੀ ਪੇਸ਼ ਕਰ ਸਕੇਗਾ।
ਜ਼ਖ਼ਮੀ ਜੈਸਨ ਰਾਏ ਅਗਲੇ ਦੋ ਮੈਚਾਂ 'ਚੋਂ ਬਾਹਰ 
ਅਫਗਾਨਿਸਤਾਨ ਵਿਰੁੱਧ ਵਿਸ਼ਵਕੱਪ ਮੈਚ ਤੋਂ ਪਹਿਲਾਂ ਇੰਗਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਸਨ ਰਾਏ ਦੀ ਹੈਮਸਟ੍ਰਿਗ ਵਿਚ ਸੱਟ ਦੀ ਪੁਸ਼ਟੀ ਹੋਣ ਤੋਂ ਬਾਅਦ ਉਹ ਅਗਲੇ ਦੋ ਮੈਚਾਂ ਵਿਚੋਂ ਬਾਹਰ ਹੋ ਗਿਆ ਹੈ।


Gurdeep Singh

Content Editor

Related News