CWC 2019 : ਸੈਮੀਫਾਈਨਲ ਦੀ ਰਾਹ ਮਜ਼ਬੂਤ ਕਰਨ ਉਤਰੇਗਾ ਭਾਰਤ

06/27/2019 4:35:43 AM

ਮਾਨਚੈਸਟਰ- ਵਿਸ਼ਵ ਕੱਪ ਵਿਚ ਅਜੇਤੂ ਰਹਿ ਕੇ ਆਪਣਾ ਅਭਿਆਨ ਸਫਲਤਾਪੂਰਵਕ ਅੱਗੇ ਵਧਾ ਰਹੀ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ ਜਿੱਤ ਨਾਲ ਸੈਮੀਫਾਈਨਲ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਲਈ ਉਤਰੇਗੀ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ 5 ਮੈਚਾਂ ਵਿਚ 4 ਜਿੱਤਾਂ ਅਤੇ 1 ਮੈਚ ਰੱਦ ਰਹਿਣ ਤੋਂ ਬਾਅਦ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਹੈ। ਉਸ ਦੇ ਫਿਲਹਾਲ 9 ਅੰਕ ਹਨ। ਆਸਟਰੇਲੀਆ 12 ਅੰਕਾਂ ਨਾਲ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਚੁੱਕਾ ਹੈ। 
ਹੁਣ ਬਾਕੀ 3 ਸਥਾਨਾਂ ਲਈ ਨਿਊਜ਼ੀਲੈਂਡ, ਭਾਰਤ ਅਤੇ ਇੰਗਲੈਂਡ ਵਿਚਾਲੇ ਦੌੜ ਲੱਗੀ ਹੈ। ਭਾਰਤੀ ਟੀਮ ਯਤਨ ਕਰੇਗੀ ਕਿ ਉਹ ਹਰ ਹਾਲ ਵਿਚ ਬਾਕੀ ਬਚੇ ਮੈਚਾਂ ਵਿਚ ਆਪਣੇ ਪ੍ਰਦਰਸ਼ਨ ਨਾਲ ਸਥਿਤੀ ਮਜ਼ਬੂਤ ਕਰ ਲਵੇ। ਓਲਡ ਟ੍ਰੈਫਰਡ ਵਿਚ ਵੀਰਵਾਰ ਨੂੰ ਹੋਣ ਵਾਲੇ ਮੈਚ ਵਿਚ ਟੀਮ ਇੰਡੀਆ ਦਾ ਪਲੜਾ ਵਿੰਡੀਜ਼ 'ਤੇ ਭਾਰੀ ਮੰਨਿਆ ਜਾ ਰਿਹਾ ਹੈ, ਜੋ ਟੂਰਨਾਮੈਂਟ ਵਿਚ ਹੁਣ ਤੱਕ ਸਿਰਫ ਇਕ ਹੀ ਮੈਚ ਜਿੱਤ ਸਕੀ ਹੈ। ਵਿੰਡੀਜ਼ ਨੇ ਆਪਣੇ 6 ਮੈਚਾਂ 'ਚੋਂ ਇਕ ਜਿੱਤਿਆ ਹੈ ਅਤੇ 4 ਹਾਰੇ ਹਨ, ਜਦਕਿ ਇਕ ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਟੀਮ ਸੈਮੀਫਾਈਨਲ ਦੀ ਦੌੜ 'ਚੋਂ ਲਗਭਗ ਬਾਹਰ ਹੋ ਚੁੱਕੀ ਹੈ। ਪਿਛਲੇ ਮੈਚ ਵਿਚ ਉਸ ਨੂੰ ਨਿਊਜ਼ੀਲੈਂਡ ਕੋਲੋਂ 5 ਦੌੜਾਂ ਨਾਲ ਕਰੀਬੀ ਹਾਰ ਝੱਲਣੀ ਪਈ ਸੀ। ਇਸ ਤੋਂ ਬਾਅਦ ਟੀਮ ਹੋਰ ਵੀ ਦਬਾਅ ਵਿਚ ਆ ਗਈ ਹੈ। 2 ਵਾਰ ਦੀ ਚੈਂਪੀਅਨ ਅਤੇ ਸ਼ਾਨਦਾਰ ਫਾਰਮ ਵਿਚ ਖੇਡ ਰਹੀ ਭਾਰਤੀ ਟੀਮ ਨੇ ਵੀ ਹਾਲਾਂਕਿ ਪਿਛਲੇ ਮੈਚ ਵਿਚ ਅਫਗਾਨਿਸਤਾਨ ਕੋਲੋਂ ਕਰੀਬੀ 11 ਦੌੜਾਂ ਨਾਲ ਮੈਚ ਜਿੱਤਿਆ ਸੀ। ਇਸ ਤਰ੍ਹਾਂ ਉਸ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸ ਮੈਚ ਵਿਚ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਦੇ ਹੋਏ ਵਿੰਡੀਜ਼ ਖਿਲਾਫ ਕਿਸੇ ਉਲਟਫੇਰ ਤੋਂ ਬਚੇ। ਭਾਰਤੀ ਟੀਮ ਕੋਲ ਇਕ ਮਜ਼ੂਬਤ ਬੱਲੇਬਾਜ਼ੀ ਕ੍ਰਮ ਹੈ ਪਰ ਅਫਗਾਨਿਸਤਾਨ ਖਿਲਾਫ ਉਸ ਦੇ ਬੱਲੇਬਾਜ਼ਾਂ ਵਿਚ ਸਿਰਫ ਕਪਤਾਨ ਵਿਰਾਟ ਅਤੇ ਕੇਦਾਰ ਜਾਧਵ ਹੀ ਡਟ ਕੇ ਦੌੜਾਂ ਬਣਾ ਸਕੇ ਸਨ। ਭਾਰਤ ਦਾ ਪਲੜਾ ਚਾਹੇ ਮਜ਼ਬੂਤ ਹੋਵੇ ਪਰ ਵੈਸਟਇੰਡੀਜ਼ ਕੋਲ ਹੁਣ ਗੁਆਉਣ ਲਈ ਕੁੱਝ ਨਹੀਂ ਹੈ। ਉਹ ਟੀਮ ਇੰਡੀਆ ਦੇ ਸਮੀਕਰਨ ਵਿਗਾੜ ਕੇ ਉਸ ਨੂੰ ਮੁਸ਼ਕਿਲ ਵਿਚ ਪਾ ਸਕਦੀ ਹੈ। ਹਾਲਾਂਕਿ ਸੱਟ ਕਾਰਨ ਆਂਦ੍ਰੇ ਰਸੇਲ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ ਹੈ, ਜੋ ਉਸ ਲਈ ਝਟਕਾ ਹੈ।
ਸੰਭਾਵਿਤ ਟੀਮਾਂ —
ਭਾਰਤ—

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਜੇ ਸ਼ੰਕਰ, ਹਾਰਦਿਕ ਪੰਡਯਾ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਰਵਿੰਦਰ ਜਡੇਜਾ, ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ।
ਵੈਸਟਇੰਡੀਜ਼—
ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਸ਼ਾਈ ਹੋਪ, ਸ਼ਿਮਰੋਨ ਹੈੱਟਮਾਇਰ, ਕਾਰਲੋਸ ਬ੍ਰੈਥਵੇਟ, ਸ਼ੈਲਡਨ ਕੋਟਰੈੱਲ, ਓਸ਼ੇਨ ਥਾਮਸ, ਕੇਮਾਰ ਰੋਚ, ਐਸ਼ਲੇ ਨਰਸ, ਨਿਕੋਲਸ ਪੂਰਨ, ਸੁਨੀਲ ਅੰਬਰੀਸ਼, ਏਵਿਨ ਲੁਈਸ, ਸ਼ੇਨਨ ਗੈਬ੍ਰੀਅਲ, ਡਰੇਨ ਬ੍ਰਾਵੋ ਅਤੇ ਫਾਬੀਆਨ ਐਲੇਨ।

Gurdeep Singh

This news is Content Editor Gurdeep Singh