CSK vs DC : ਧੋਨੀ ਦੇ ਸਾਹਮਣੇ ਹੋਵੇਗੀ ਨਵੇਂ ਕਪਤਾਨ ਪੰਤ ਦੀ ਚੁਣੌਤੀ

04/10/2021 3:34:13 AM

ਮੁੰਬਈ– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਅਤੇ ਦਿੱਲੀ ਕੈਪੀਟਲਸ (ਡੀ. ਸੀ.) ਵਿਚਾਲੇ ਇੱਥੇ ਸ਼ਨੀਵਾਰ ਨੂੰ ਹੋਣ ਵਾਲੇ ਆਈ. ਪੀ. ਐੱਲ.-2021 ਦੇ ਮੁਕਾਬਲੇ ਵਿਚ ਜ਼ਬਰਦਸਤ ਟੱਕਰ ਹੋਵੇਗੀ, ਹਾਲਾਂਕਿ ਦੋਵੇਂ ਟੀਮਾਂ ਅਜੇ ਕੋਵਿਡ-19 ਦੀ ਸਮੱਸਿਆ ਤੋਂ ਪਾਰ ਨਹੀਂ ਪਾ ਸਕੀਆਂ ਹਨ। ਸੀ. ਐੱਸ. ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਇਹ ਟੂਰਨਾਮੈਂਟ ਇਕ ਨਵੀਂ ਸ਼ੁਰੂਆਤ ਦੀ ਤਰ੍ਹਾਂ ਹੋਵੇਗਾ ਜਦਕਿ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਲਈ ਵੀ ਇਹ ਸੁਨਹਿਰੀ ਮੌਕਾ ਹੋਵੇਗਾ ਕਿਉਂਕਿ ਉਸਦਾ ਆਈਡਲ ਹੀ ਉਸਦੇ ਸਾਹਮਣੇ ਹੋਵੇਗਾ। ਦਿੱਲੀ ਦੀ ਟੀਮ ਪਿਛਲੀ ਵਾਰ ਆਈ. ਪੀ. ਐੱਲ.-13 ਵਿਚ ਫਾਈਨਲ ਤਕ ਪਹੁੰਚੀ ਸੀ ਜਦਕਿ ਸੀ. ਐੱਸ. ਕੇ. ਦੀ ਟੀਮ 7ਵੇਂ ਨੰਬਰ ’ਤੇ ਰਹੀ ਸੀ।


ਆਈ. ਪੀ. ਐੱਲ. ਦਾ ਪਿਛਲਾ ਸੈਸ਼ਨ ਦੁਬਈ, ਆਬੂ ਧਾਬੀ ਤੇ ਸ਼ਾਰਜਾਹ ਵਿਚ ਆਯੋਜਿਤ ਹੋਇਆ ਸੀ ਤੇ ਟੂਰਨਾਮੈਂਟ ਦੇ ਪਹਿਲੇ ਦਿਨ ਕੋਰੋਨਾ ਦੇ 674 ਨਵੇਂ ਮਾਮਲੇ ਸਨ ਤੇ ਟੂਰਨਾਮੈਂਟ ਦੇ ਫਾਈਨਲ ਦੇ ਦਿਨ 1096 ਨਵੇਂ ਮਾਮਲੇ ਸਨ। ਇਸਦੀ ਤੁਲਨਾ ਵਿਚ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਦੇ ਛੇ ਸ਼ਹਿਰਾਂ ਵਿਚ ਮੁਕਾਬਲੇ ਹੋਣੇ ਹਨ, ਜਿਨ੍ਹਾਂ ਵਿਚ ਮੁੰਬਈ, ਦਿੱਲੀ, ਬੈਂਗਲੁਰੂ, ਚੇਨਈ, ਕੋਲਕਾਤਾ ਤੇ ਅਹਿਮਦਾਬਾਦ ਸ਼ਾਮਲ ਹਨ। ਮੁੰਬਈ ਪਿਛਲੀ 6 ਅਪ੍ਰੈਲ ਨੂੰ 10 ਹਜ਼ਾਰ ਨਵੇਂ ਮਾਮਲਿਆਂ ਦੀ ਰਿਪੋਰਟ ਕੀਤੀ ਸੀ। ਦਿੱਲੀ ਦੀ ਟੀਮ ਦਾ ਮੇਨ ਕਪਤਾਨ ਸ਼੍ਰੇਅਸ ਅਈਅਰ ਆਪਣੇ ਖੱਬੇ ਮੋਢੇ ਦੀ ਸਰਜਰੀ ਕਰਵਾ ਚੁੱਕਾ ਹੈ ਜਦਕਿ ਦਿੱਲੀ ਟੀਮ ਦਾ ਆਲਰਾਊਂਡਰ ਅਕਸ਼ਰ ਪਟੇਲ ਕੋਰੋਨਾ ਤੋਂ ਪਾਜ਼ੇਟਿਵ ਹੈ। ਅਈਅਰ ਦੇ ਜ਼ਖਮੀ ਹੋ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਣ ਤੋਂ ਬਾਅਦ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦਿੱਲੀ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ।

ਇਹ ਖ਼ਬਰ ਪੜ੍ਹੋ- MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ


ਪੰਤ ਨੇ ਆਪਣੀ ਟੀਮ ਲਈ ਬਿਹਤਰ ਪ੍ਰਦਰਸ਼ਨ ਦਾ ਵਿਸ਼ਵਾਸ ਪ੍ਰਗਟ ਕੀਤਾ ਹੈ ਪਰ ਉਹ ਮਹਿੰਦਰ ਸਿੰਘ ਧੋਨੀ ਦੇ ਸਾਹਮਣੇ ਕਿਹੋ ਜਿਹਾ ਪ੍ਰਦਰਸ਼ਨ ਕਰ ਪਾਉਂਦੇ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਸੀ. ਐੱਸ. ਕੇ. ਦੀ ਟੀਮ ਨੇ ਆਸਟਰੇਲੀਆ ਦੇ ਜੋਸ਼ ਹੇਜ਼ਲਵੁਡ ਦੇ ਨਿੱਜੀ ਕਾਰਨਾਂ ਤੋਂ ਟੂਰਨਾਮੈਂਟ ਤੋਂ ਹਟ ਜਾਣ ਤੋਂ ਬਾਅਦ ਉਸਦੀ ਜਗ੍ਹਾ ਜੇਮਸ ਬਹਿਰਨਡ੍ਰੌਫ ਨੂੰ ਕਰਾਰਬੱਧ ਕੀਤਾ ਹੈ। ਦੂਜੇ ਪਾਸੇ ਦਿੱਲੀ ਟੀਮ ਦੇ ਕੈਗਿਸੋ ਰਬਾਡਾ ਤੇ ਐਨਰਿਚ ਨੋਰਤਜੇ ਹਾਲਾਂਕਿ ਮੁੰਬਈ ਦੇ ਦਿੱਲੀ ਟੀਮ ਦੇ ਹੋਟਲ ਪਹੁੰਚ ਚੁੱਕੇ ਹਨ ਪਰ ਉਹ ਘੱਟ ਤੋਂ ਘੱਟ ਪਹਿਲੇ ਮੈਚ ਵਿਚ ਨਹੀਂ ਖੇਡ ਸਕਣਗੇ। ਦੱਖਣੀ ਅਫਰੀਕਾ ਦੇ ਇਨ੍ਹਾਂ ਦੋਵਾਂ ਤੇਜ਼ ਗੇਂਦਬਾਜ਼ਾਂ ਨੇ ਦਿੱਲੀ ਦੇ ਪਿਛਲੀ ਵਾਰ ਫਾਈਨਲ ਵਿਚ ਪਹੁੰਚਣ ਵਿਚ ਅਹਿਮ ਭੂਮਿਕਾ ਨਿਭਾਈ ਸੀ।


ਦਿੱਲੀ ਦੀ ਟੀਮ ਲਈ ਇਕ ਵੱਡੀ ਸਮੱਸਿਆ ਪਹਿਲੇ ਮੈਚ ਵਿਚ ਸਹੀ ਇਲੈਵਨ ਚੁਣਨਾ ਹੈ, ਕਿਉਂਕਿ ਆਈ. ਪੀ. ਐੱਲ. ਵਿਚ ਜੇਤੂ ਸ਼ੁਰੂਆਤ ਕਰਨਾ ਬਹੁਤ ਜ਼ਰੂਰੀ ਹੈ। ਰਬਾਡਾ ਤੇ ਨੋਰਤਜੇ ਨੇ ਆਈ. ਪੀ. ਐੱਲ.-2020 ਵਿਚ ਆਪਸ ਵਿਚ ਕੁਲ 52 ਵਿਕਟਾਂ ਵੰਡੀਆਂ ਸਨ, ਇਸ ਲਈ ਉਨ੍ਹਾਂ ਦੇ ਪਹਿਲੇ ਮੈਚ ਵਿਚੋਂ ਬਾਹਰ ਰਹਿਣ ਦੀ ਕਮੀ ਦਿੱਲੀ ਕੈਪੀਟਲਸ ਨੂੰ ਮਹਿਸੂਸ ਹੋਵੇਗੀ। 

ਇਹ ਖ਼ਬਰ ਪੜ੍ਹੋ-  MI v RCB : ਫੀਲਡਿੰਗ ਦੌਰਾਨ ਜ਼ਖਮੀ ਹੋਏ ਕੋਹਲੀ, ਫਿਰ ਵੀ ਕੀਤੀ ਬੱਲੇਬਾਜ਼ੀ


ਚੇਨਈ ਦੀ ਟੀਮ ਵਿਚ ਧੋਨੀ ਤੋਂ ਇਲਾਵਾ ਮੋਇਨ ਅਲੀ, ਕੇ. ਐੱਮ. ਆਸਿਫ, ਡਵੇਨ ਬ੍ਰਾਵੋ, ਦੀਪਕ ਚਾਹਰ, ਫਾਫ ਡੂ ਪਲੇਸਿਸ, ਕ੍ਰਿਸ਼ਣੱਪਾ ਗੌਤਮ, ਇਮਰਾਨ ਤਾਹਿਰ, ਰਿਤੂਰਾਜ ਗਾਇਕਵਾੜ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਅੰਬਾਤੀ ਰਾਇਡੂ, ਚੇਤੇਸ਼ਵਰ ਪੁਜਾਰਾ, ਸੁਰੇਸ਼ ਰੈਨਾ, ਮਿਸ਼ੇਲ ਸੈਂਟਨਰ, ਸ਼ਾਰਦੁਲ ਠਾਕੁਰ ਤੇ ਰੌਬਿਨ ਉਥੱਪਾ ਵਰਗੇ ਕਈ ਮਜ਼ਬੂਤ ਖਿਡਾਰੀ ਮੌਜੂਦ ਹਨ।
ਦੂਜੇ ਪਾਸੇ ਦਿੱਲੀ ਦੀ ਟੀਮ ਪੰਤ ਤੋਂ ਇਲਾਵਾ ਆਰ. ਅਸ਼ਵਿਨ, ਆਵੇਸ਼ ਖਾਨ, ਸੈਮ ਬਿਲਿੰਗਸ, ਟਾਮ ਕਿਊਰੇਨ, ਸ਼ਿਖਰ ਧਵਨ, ਸ਼ਿਮਰੋਨ ਹੈੱਟਮਾਇਰ, ਅਮਿਤ ਮਿਸ਼ਰਾ, ਐਨਰਿਚ ਨੋਰਤਜੇ, ਅਕਸ਼ਰ ਪਟੇਲ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਇਸ਼ਾਂਤ ਸ਼ਰਮਾ, ਪ੍ਰਿਥਵੀ ਸ਼ਾਹ, ਸਵੀਟ ਸਮਿਥ, ਮਾਰਕਸ ਸਟੋਇੰਸ, ਕ੍ਰਿਸ ਵੋਕਸ ਤੇ ਉਮੇਸ਼ ਯਾਦਵ ਵਰਗੇ ਧਾਕੜ ਖਿਡਾਰੀ ਮੌਜੂਦ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਵਿਚੋਂ ਕਿਹੜਾ ਖਿਡਾਰੀ ਆਖਰੀ-11 ਵਿਚ ਜਗ੍ਹਾ ਬਣਾਉਂਦਾ ਹੈ। ਇਹ ਸਥਿਤੀ ਦੋਵੇਂ ਟੀਮਾਂ ਲਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 

Gurdeep Singh

This news is Content Editor Gurdeep Singh