ਖਿਡਾਰੀਆਂ ਦੇ ਹੱਕ ਦੇ ਪੈਸੇ ਨਾ ਦੇਣ ਕਾਰਨ CSA ਨੇ 3 ਚੋਟੀ ਅਧਿਕਾਰੀਆਂ ਨੂੰ ਕੀਤਾ ਮੁਅੱਤਲ

10/30/2019 5:44:08 PM

ਜੋਹਾਂਸਬਰਗ : ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ 3 ਚੋਟੀ ਅਧਿਕਾਰੀਆਂ ਨੂੰ ਸਾਵਧਾਨੀ ਦੇ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਕਿਸੇ ਅਧਿਕਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਦੱਖਣੀ ਅਫਰੀਕਾ ਦੀ ਮੀਡੀਆ ਮੁਤਾਬਕ ਇਸ ਵਿਚ ਅੰਤਰਿਮ ਕ੍ਰਿਕਟ ਨਿਰਦੇਸ਼ਕ ਵਾਨ ਜਿਲ ਵੀ ਸ਼ਾਮਲ ਹਨ, ਜਿਸ ਨੂੰ ਇਸ ਅਹੁਦੇ 'ਤੇ ਨਿਯੁਕਤ ਹੋਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਕ੍ਰਿਕਟ ਨਿਰਦੇਸ਼ਕ 'ਤੇ ਰਾਸ਼ਟਰੀ ਟੀਮ ਦੇ ਸੰਚਾਲਨ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ। 4 ਟੈਸਟਾਂ ਦੀ ਸੀਰੀਜ਼ ਵਿਚ ਇੰਗਲੈਂਡ ਟੀਮ ਦੀ ਮੇਜ਼ਬਾਨੀ ਕਰਨ ਤੋਂ 2 ਹਫਤਿਆਂ ਤੋਂ ਘੱਟ ਬਚੇ ਸਮੇਂ ਪਹਿਲਾਂ ਇਹ ਮੁਅੱਤਲੀ ਹੋਈ ਹੈ ਜਦਕਿ ਹੁਣ ਤਕ ਕ੍ਰਿਕਟ ਨਿਰਦੇਸ਼ਕ ਅਤੇ ਟੀਮ ਨਿਰਦੇਸ਼ਕ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਨਿਯੁਕਤੀ ਨਹੀਂ ਹੋ ਸਕੀ।

ਸੀ. ਐੱਸ. ਏ. (ਕ੍ਰਿਕਟ ਦੱਖਣੀ ਅਫਰੀਕਾ) ਦੇ ਬਿਆਨ ਮੁਤਾਬਕ ਇਹ ਮੁੱਅਤਲੀ ਪਿਛਲੇ ਸਾਲ ਮਜਾਂਸੀ ਸੁਪਰ ਲੀਗ ਟੀ-20 ਟੂਰਨਾਮੈਂਟ ਦੇ ਬਾਅਦ ਖਿਡਾਰੀਆਂ ਨੂੰ ਫੀਸ ਦਾ ਭੁਗਤਾਨ ਨਹੀਂ ਕਰਨ ਨੂੰ ਲੈ ਕੇ ਹੋਏ ਵਿਵਾਦ ਨਾਲ ਸਬੰਧਤ ਹੈ। ਜਿਨ੍ਹਾਂ ਹੋਰ ਅਧਿਕਾਰੀਆਂ 'ਤੇ ਪਾਬੰਦੀ ਲਗਾਈ ਗਈ ਹੈ ਉਹ ਮੁੱਖ ਸੰਚਾਲਨ ਅਧਿਕਾਰੀ ਨਾਸੇਈ ਅਪਿਯਾ ਅਤੇ ਸਪਾਂਸਰਸ਼ਿਪ ਮੁਖੀ ਕਲਾਈਵ ਐਕਸਟੀਨ ਹਨ। ਪੇਸ਼ੇਵਰ ਖਿਡਾਰੀਆਂ ਦੇ ਸਮੂਹ ਦੱਖਣੀ ਅਫਰੀਕਾ ਕ੍ਰਿਕਟਰ ਸੰਘ ਨੇ ਇਕ ਹਫਤੇ ਪਹਿਲਾਂ ਫੰਡ ਨੂੰ ਲੈ ਕੇ ਸੀ. ਐੱਸ. ਏ. ਦੇ ਨਾਲ ਵਿਵਾਦ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਐੱਮ. ਐੱਸ. ਐੱਲ. 2018 ਦੇ ਵਪਾਰਕ ਅਧਿਕਾਰੀਆਂ ਨਾਲ ਸਬੰਧਤ ਇਹ ਪੈਸੇ ਖਿਡਾਰੀਆਂ ਨੂੰ ਮਿਲਣੇ ਚਾਹੀਦੇ ਸੀ। ਸੀ. ਐੱਸ. ਏ. ਨੇ ਕਿਹਾ ਕਿ ਉਹ ਜਾਂਚ ਕਰ ਰਿਹਾ ਹੈ ਕਿ ਮੁਅੱਤਲ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਾਲ ਨਿਭਾਈ ਜਾਂ ਨਹੀਂ।