ਨਿਊਜ਼ੀਲੈਂਡ ''ਚ ਮਸਜਿਦ ਹਮਲੇ ਤੋਂ ਕ੍ਰਿਕਟ ਜਗਤ ਦੁਖੀ

03/15/2019 10:51:24 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸਥਿਤ ਦੋ ਮਸਜਿਦਾਂ ਵਿਚ ਹੋਈ ਗੋਲੀਬਾਰੀ ਦੀ ਘਟਨਾ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਇਸ ਹਾਦਸੇ 'ਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਵੀ ਵਾਲ-ਵਾਲ ਬਚੇ। ਕ੍ਰਿਕਟ ਜਗਤ ਇਸ ਹਮਲੇ ਤੋਂ ਦੁਖੀ ਹੈ। ਵਿਰਾਟ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਇਸ ਘਟਨਾ ਨੂੰ ਹੈਰਾਨੀ ਭਰਿਆ ਤੇ ਦੁਖਦਾਈ ਦੱਸਿਆ। ਉਸ ਨੇ ਨਾਲ ਹੀ ਬੰਗਲਾਦੇਸ਼ ਕ੍ਰਿਕਟ ਟੀਮ ਦੇ ਇਸ ਹਾਦਸੇ ਵਿਚ ਵਾਲ-ਵਾਲ ਬਚਣ 'ਤੇ ਰਾਹਤ ਪ੍ਰਗਟ ਕੀਤੀ। ਉਸ ਨੇ ਕਿਹਾ, ''ਇਹ ਭਿਆਨਕ ਤੇ ਦੁਖਦਾਈ ਹੈ। ਮੈਨੂੰ ਉਨ੍ਹਾਂ ਲੋਕਾਂ ਲਈ ਡੂੰਘਾ ਦੁੱਖ ਹੈ, ਜਿਹੜੇ ਕ੍ਰਾਈਸਟਚਰਚ ਹਾਦਸੇ 'ਚ ਪ੍ਰਭਾਵਿਤ ਹੋਏ ਹਨ। ਮੈਨੂੰ ਬੰਗਲਾਦੇਸ਼ ਪ੍ਰਤੀ ਸੰਵੇਦਨਾ ਹੈ, ਤੁਸੀਂ ਸੁਰੱਖਿਅਤ ਰਹੇ।''
ਕ੍ਰਾਈਸਟਚਰਚ ਦੀ ਮਸਜਿਦ 'ਚ ਸ਼ੁੱਕਰਵਾਰ ਦੀ ਨਮਾਜ਼ ਲਈ ਬੰਗਲਾਦੇਸ਼ੀ ਕ੍ਰਿਕਟ ਟੀਮ ਮਸਜਿਦ ਅਲ ਨੂਰ ਪਹੁੰਚਣ ਹੀ ਵਾਲੀ ਸੀ ਕਿ ਕੁਝ ਮਿੰਟ ਪਹਿਲਾਂ ਉਥੇ ਗੋਲੀਬਾਰੀ ਸ਼ੁਰੂ ਹੋ ਗਈ। ਅਜਿਹੀ ਹਾਲਤ 'ਚ ਬੰਗਲਾਦੇਸ਼ੀ ਖਿਡਾਰੀਆਂ ਨੂੰ ਬੱਸ ਵਿਚੋਂ ਉੱਤਰਨ ਨਹੀਂ ਦਿੱਤਾ ਗਿਆ ਤੇ ਫਿਰ ਗਰਾਊਂਡ 'ਤੇ ਲਿਜਾਣ ਤੋਂ ਬਾਅਦ ਤੁਰੰਤ ਹੋਟਲ ਲਿਜਾਇਆ ਗਿਆ। ਇਸ ਹਾਦਸੇ ਤੋਂ ਬਾਅਦ ਬੰਗਲਾਦੇਸ਼ ਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਰੱਦ ਹੋ ਗਈ ਤੇ ਟੀਮ ਜਲਦ ਹੀ ਵਤਨ ਪਰਤਣ ਦੀ ਤਿਆਰੀ 'ਚ ਹੈ। ਦੋਵਾਂ ਟੀਮਾਂ ਵਿਚਾਲੇ ਤੀਜਾ ਟੈਸਟ ਮੈਚ ਸ਼ਨੀਵਾਰ ਤੋਂ ਹੇਗਲੇ ਓਵਲ 'ਚ ਹੋਣਾ ਸੀ।
ਸਾਬਕਾ ਆਸਟਰੇਲੀਆਈ ਕਪਤਾਨ ਮਾਈਕਲ ਕਲਾਰਕ ਨੇ ਵੀ ਕ੍ਰਿਕਟ ਜਗਤ ਦੇ ਨਾਲ ਮਿਲ ਕੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਕਲਾਰਕ ਨੇ ਟਵਿਟਰ 'ਤੇ ਲਿਖਿਆ, ''ਕ੍ਰਾਈਸਟਚਰਚ ਦੀ ਘਟਨਾ ਡਰਾਉਣੀ ਹੈ। ਇਹ ਦੁਖਦਾਈ ਹੈ। ਇਸ ਹਾਦਸੇ ਦੇ ਪੀੜਤਾਂ ਲਈ ਮੇਰੀਆਂ ਦੁਆਵਾਂ ਹਨ।''
ਭਾਰਤੀ ਸਪਿਨਰ ਹਰਭਜਨ ਸਿੰਘ ਨੇ ਲਿਖਿਆ, ''ਮੈਂ ਇਸ ਦੁਖਦਾਈ ਖਬਰ ਤੋਂ ਹੈਰਾਨ ਹਾਂ। ਇਕ ਹੋਰ ਅੱਤਵਾਦੀ ਹਮਲਾ। ਅਸੀਂ ਪਤਾ ਨਹੀਂ ਕਿੱਥੇ ਜਾ ਰਹੇ ਹਾਂ। ਇਨ੍ਹਾਂ ਹਮਲਾਵਰਾਂ ਦਾ ਕੋਈ ਧਰਮ ਨਹੀਂ। ਪੀੜਤਾਂ ਲਈ ਮੇਰੀਆਂ ਸੰਵੇਦਨਾਵਾਂ।'' ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਲਿਖਿਆ, ''ਅਸੀਂ ਕ੍ਰਾਈਸਟਚਰਚ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੇ ਦੋਸਤਾਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦੇ ਹਾਂ। ਇਹ ਇਕ ਦੁਖਦਾਈ ਘਟਨਾ ਹੈ।''
ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ, ''ਕ੍ਰਾਈਸਟਚਰਚ ਵਿਚ ਮਾਰੇ ਗਏ ਸਾਰੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਸਾਡੀਆਂ ਸੰਵੇਦਨਾਵਾਂ ਹਨ। ਅਸੀਂ ਨਿਊਜ਼ੀਲੈਂਡ ਕ੍ਰਿਕਟ ਬੋਰਡ ਤੇ ਬੰਗਲਾਦੇਸ਼ ਬੋਰਡ ਨਾਲ ਮਿਲ ਕੇ ਇਹ ਸਾਂਝਾ ਫੈਸਲਾ ਲਿਆ ਹੈ ਕਿ ਹੇਗਲੇ ਓਵਲ ਟੈਸਟ ਨੂੰ ਰੱਦ ਕਰ ਦਿੱਤਾ ਜਾਵੇ। ਦੁਬਾਰਾ ਅਸੀਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਦੋਵੇਂ ਟੀਮਾਂ ਤੇ ਸਪੋਰਟ ਸਟਾਫ ਪੂਰੀ ਤਰ੍ਹਾਂ ਸੁਰੱਖਿਅਤ ਹੈ।''

Gurdeep Singh

This news is Content Editor Gurdeep Singh