ਕ੍ਰਿਕਟ ਆਸਟ੍ਰੇਲੀਆ ਦਾ ਤਨਖਾਹ ਵਿਵਾਦ ਖਤਮ

08/04/2017 2:39:38 PM

ਮੈਲਬੋਰਨ — ਕ੍ਰਿਕਟ ਆਸਟ੍ਰੇਲੀਆ (ਸੀ. ਏ.) ਤੇ ਆਸਟ੍ਰੇਲੀਆਈ ਕ੍ਰਿਕਟਰ ਸੰਘ (ਏ. ਸੀ.ਏ.) ਵਿਚਾਲੇ ਆਖਿਰਕਾਰ ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਤਨਖਾਹ ਵਿਵਾਦ  50 ਕਰੋੜ ਡਾਲਰ ਦੇ ਨਵੇਂ ਕਰਾਰ ਨਾਲ ਖਤਮ ਹੋ ਗਿਆ, ਜਿਸ ਵਿਚ ਹੁਣ ਮਹਿਲਾ ਤੇ ਪੁਰਸ਼ ਸਾਰੇ ਖਿਡਾਰੀਆਂ ਨੂੰ ਮਾਲੀਆ ਦਾ 30 ਫੀਸਦੀ ਹਿੱਸਾ ਮਿਲੇਗਾ।
ਸੀ. ਏ. ਤੇ ਖਿਡਾਰੀਆਂ ਦੀ ਯੂਨੀਅਨ ਵਿਚਾਲੇ ਵੀਰਵਾਰ ਨੂੰ ਹੋਏ ਇਸ ਕਰਾਰ ਤੋਂ ਬਾਅਦ ਬੰਗਲਾਦੇਸ਼ ਦੌਰੇ ਤੇ ਏਸ਼ੇਜ਼ ਸੀਰੀਜ਼ 'ਤੇ  ਮੰਡਰਾ ਰਹੇ ਖਤਰੇ ਦਾ ਵੀ ਅੰਤ ਹੋ ਗਿਆ ਹੈ।  ਇਸ ਵਿਵਾਦ ਨੇ ਆਸਟ੍ਰੇਲੀਆ ਦੇ ਕਰੀਬ 230 ਕ੍ਰਿਕਟਰਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਬੇਰੋਜ਼ਗਾਰ ਕਰ ਦਿੱਤਾ ਸੀ, ਜਿਨ੍ਹਾਂ ਨੇ ਬੋਰਡ  ਦੇ ਪਿਛਲੇ ਪੰਜ ਸਾਲਾ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਹੜਾ 30 ਜੂਨ ਹੀ ਖਤਮ ਹੋ ਚੁੱਕਾ ਹੈ। 
ਆਸਟ੍ਰੇਲੀਆਈ ਕ੍ਰਿਕਟ ਵਿਚ ਆਏ ਇਸ ਭੂਚਾਲ ਦੀ ਭੇਟ ਆਸਟ੍ਰੇਲੀਆ-ਏ ਦਾ ਦੱਖਣੀ ਅਫਰੀਕਾ ਦੌਰਾ ਪਹਿਲਾਂ ਹੀ ਚੜ੍ਹ ਚੁੱਕਾ ਹੈ, ਜਿਸ ਤੋਂ ਬਾਅਦ ਬੋਰਡ ਨੇ ਮੌਜੂਦਾ ਤਨਖਾਹ ਵਿਵਾਦ ਨੂੰ ਸੁਲਝਾਉਣ ਵਿਚ ਕਾਫੀ ਤੇਜ਼ੀ ਦਿਖਾਈ। 
ਨਵੇਂ ਮਾਡਲ 'ਤੇ ਇਕ ਨਜ਼ਰ  
ਨਵੇਂ ਮਾਡਲ ਦੇ ਤਹਿਤ ਹੁਣ ਖਿਡਾਰੀਆਂ  ਨੂੰ ਕੁਲ ਮਾਲੀਆ ਦਾ 30 ਫੀਸਦੀ ਹਿੱਸਾ ਮਿਲੇਗਾ, ਜਿਸ 'ਚ 27.5 ਫੀਸਦੀ ਪਹਿਲਾਂ ਤੋਂ ਅਨੁਮਾਨ ਲਗਾਈ ਕਮਾਈ ਤੇ 2.5 ਫੀਸਦੀ ਪ੍ਰਦਰਸ਼ਨ ਦੇ ਆਧਾਰ 'ਤੇ ਹੋਵੇਗਾ। ਨਵਾਂ ਕਰਾਰ ਅਗਲੇ ਪੰਜ ਸਾਲਾਂ ਲਈ ਸੰਭਾਵਿਤ 50 ਕਰੋੜ ਆਸਟ੍ਰੇਲੀਆਈ ਡਾਲਰ ਤਕ ਹੋਵੇਗਾ। 
ਨਵੇਂ ਕਰਾਰ ਦਾ ਅਸਰ 
ਨਵੇਂ ਕਰਾਰ ਦੇ ਨਾਲ ਹੀ ਇਸਦਾ ਅਸਰ ਵੀ ਦਿਸਿਆ ਤੇ ਬੋਰਡ ਨੇ ਸਾਫ ਕਰ ਦਿੱਤਾ ਕਿ ਅਗਸਤ-ਸਤੰਬਰ ਵਿਚ ਟੀਮ ਦੋ ਟੈਸਟਾਂ ਲਈ ਬੰਗਲਾਦੇਸ਼ ਦਾ ਦੌਰਾ ਤੈਅ ਸਮੇਂ ਅਨੁਸਾਰ ਕਰੇਗੀ ਤੇ ਅਗਲੇ ਹਫਤੇ ਤੋਂ ਡਾਰਵਿਨ ਵਿਚ ਆਸਟ੍ਰੇਲੀਆਈ ਟੀਮ ਦੌਰੇ ਤੋਂ ਪਹਿਲਾਂ ਅਭਿਆਸ ਕੈਂਪ ਲਈ ਵੀ ਇਕੱਠੀ ਹੋਵੇਗੀ। 
ਇਸ ਕਾਰਨ ਹੋਇਆ ਸੀ ਵਿਵਾਦ
ਬੋਰਡ ਤੇ ਖਿਡਾਰੀਆਂ ਵਿਚਾਲੇ ਵਿਵਾਦ ਤਦ ਸ਼ੁਰੂ ਹੋਇਆ ਸੀ ਜਦੋਂ ਸੀ. ਏ. ਨੇ ਦੋ ਦਹਾਕੇ ਪੁਰਾਣੇ ਭੁਗਤਾਨ ਮਾਡਲ ਨੂੰ ਰੱਦ ਕਰਨ ਦਾ ਫੈਸਲਾ ਕੀਤਾ  ਸੀ, ਜਿਸ ਦੇ ਤਹਿਤ ਖਿਡਾਰੀਆਂ ਨੂੰ ਮਾਲੀਆ ਦਾ ਇਕ ਤੈਅ ਹਿੱਸਾ ਮਿਲਦਾ ਸੀ। ਹਾਲਾਂਕਿ ਬੋਰਡ ਦਾ ਮੰਨਣਾ ਸੀ ਕਿ ਇਹ ਮਾਡਲ ਹੁਣ ਕਾਫੀ ਪੁਰਾਣਾ ਹੋ ਚੁੱਕਾ ਹੈ, ਜਿਸ ਨਾਲ ਜ਼ਮੀਨੀ ਪੱਧਰ 'ਤੇ ਨਵੇਂ ਨੌਜਵਾਨ ਕ੍ਰਿਕਟਰਾਂ ਦੇ ਵਿਕਾਸ ਲਈ ਪੈਸਾ ਉਪਲੱਬਧ ਨਹੀਂ ਹੁੰਦਾ ਹੈ ਜਦਕਿ ਖਿਡਾਰੀਆਂ ਦਾ ਵਿਚਾਰ ਉਲਟ ਸੀ।