ਕ੍ਰੀਮਰ ਨੇ ਸ਼੍ਰੀਲੰਕਾ ਦੀਆਂ ਵਧਾਈਆਂ ਮੁਸ਼ਕਿਲਾਂ

07/16/2017 3:08:30 AM

ਕੋਲੰਬੋ— ਜ਼ਿੰਬਾਬਵੇ ਦੇ ਕਪਤਾਨ ਕ੍ਰੀਮਰ ਨੇ ਤਿੰਨ ਵਿਕਟਾਂ ਹਾਸਲ ਕਰਕੇ ਸ਼੍ਰੀਲੰਕਾ ਵਿਰੁੱਧ ਸ਼ਨੀਵਾਰ ਇਥੇ ਇਕਲੌਤੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ 'ਚ ਆਪਣੀ ਟੀਮ ਨੂੰ ਵਾਪਸੀ ਦਿਵਾਈ। ਜ਼ਿੰਬਾਬਵੇ ਨੇ ਆਪਣੀ ਪਹਿਲੀ ਪਾਰੀ 'ਚ 356 ਦੌੜਾਂ ਬਣਾਈਆਂ ਹਨ।
ਕ੍ਰੀਮਰ ਦੇ ਲੈੱਗ ਸਪਿਨ ਤੇ ਦੋ ਮਹੱਤਵਪੂਰਨ ਰਨ ਆਊਟ ਨਾਲ ਜ਼ਿੰਬਾਬਵੇ ਨੇ ਦਿਨ ਦੀ ਖੇਡ ਖਤਮ ਹੋਣ ਤਕ ਸ਼੍ਰੀਲੰਕਾ ਦਾ ਸਕੋਰ 7 ਵਿਕਟਾਂ 'ਤੇ 293 ਦੌੜਾਂ ਕਰ ਦਿੱਤਾ। ਦਿਨ ਦੀ ਖੇਡ ਖਤਮ ਹੋਣ 'ਤੇ ਅਸੇਲਾ ਗੁਣਾਰਤਨੇ 24, ਜਦਕਿ ਰੰਗਨਾ ਹੇਰਾਥ 5 ਦੌੜਾਂ ਬਣਾ ਕੇ ਖੇਡ ਰਿਹਾ ਸੀ। ਸ਼੍ਰੀਲੰਕਾ ਦੀ ਟੀਮ ਹੁਣ ਵੀ ਜ਼ਿੰਬਾਬਵੇ ਦੇ ਪਹਿਲੀ ਪਾਰੀ ਦੇ ਸਕੋਰ ਤੋਂ 63 ਦੌੜਾਂ ਪਿੱਛੇ ਹੈ।
ਫੀਲਡਿੰਗ ਦੌਰਾਨ ਮਾਸਪੇਸ਼ੀਆਂ ਵਿਚ ਖਿਚਾਅ ਤੋਂ ਬਾਅਦ ਗੁਣਾਰਤਨੇ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ।
ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਕ੍ਰੀਮਰ ਦੀ ਸਪਿਨ ਸਾਹਮਣੇ ਪ੍ਰੇਸ਼ਾਨੀ ਹੋਈ। ਕ੍ਰੀਮਰ ਨੇ ਵਿਰੋਧੀ ਟੀਮ ਦੇ ਦਿਨੇਸ਼ ਚਾਂਦੀਮਲ ਨੂੰ ਵੀ ਆਊਟ ਕੀਤਾ, ਜਿਸ ਨੇ 55 ਦੌੜਾਂ ਬਣਾਈਆਂ। ਉਸ ਨੇ ਐਂਜਲੋ ਮੈਥਿਊਜ਼ (41) ਨਾਲ ਚੌਥੀ ਵਿਕਟ ਲਈ 96 ਦੌੜਾਂ ਵੀ ਜੋੜੀਆਂ।