ਜਦੋਂ ਧੋਨੀ ਦੀ ਐਂਟਰੀ 'ਤੇ ਫੈਨਜ਼ ਦੇ ਸ਼ੋਰ ਨਾਲ ਗੂੰਜ ਉੱਠਿਆ ਚੇਪਾਕ ਤੇ ਆਂਦ੍ਰੇ ਰਸਲ ਨੂੰ ਬੰਦ ਕਰਨੇ ਪਏ ਆਪਣੇ ਕੰਨ

04/09/2024 3:54:33 AM

ਸਪੋਰਟਸ ਡੈਸਕ- ਵਿਸ਼ਵ ਦੇ ਸਭ ਤੋਂ ਵੱਡੀ ਕ੍ਰਿਕਟ ਲੀਗ ਆਈ.ਪੀ.ਐੱਲ. ਦਾ ਖੁਮਾਰ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਹ ਟੂਰਨਾਮੈਂਟ ਹਰੇਕ ਲੰਘਦੇ ਮੈਚ ਨਾਲ ਰੋਮਾਂਚਕ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ ਸਨਰਾਈਜ਼ਰਜ਼ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਮੁਕਾਬਲੇ 'ਚ ਹੈਦਰਾਬਾਦ ਨੇ ਆਰ.ਸੀ.ਬੀ. ਦਾ ਸਭ ਤੋਂ ਵੱਧ ਦੌੜਾਂ ਬਣਾਉਣ ਦਾ 11 ਸਾਲ ਪੁਰਾਣਾ ਰਿਕਾਰਡ ਤੋੜਿਆ ਸੀ। ਕੋਹਲੀ ਦੀ ਕਪਤਾਨੀ 'ਚ ਬੈਂਗਲੁਰੂ ਨੇ ਸਾਲ 2013 ਦੇ ਇਕ ਮੁਕਾਬਲੇ 'ਚ ਪੁਣੇ ਵਾਰੀਅਰਜ਼ ਖ਼ਿਲਾਫ਼ 263 ਦੌੜਾਂ ਬਣਾਈਆਂ ਸੀ, ਜੋ ਕਿ ਇਸ ਸਾਲ ਤੱਕ ਇਕ ਰਿਕਾਰਡ ਸੀ।

ਪਰ ਇਸ ਸਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਖ਼ਿਲਾਫ਼ 277 ਦੌੜਾਂ ਜੜ ਕੇ ਆਰ.ਸੀ.ਬੀ. ਦੇ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ। ਇਹੀ ਨਹੀਂ, ਕੁਝ ਦਿਨਾਂ ਬਾਅਦ ਹੀ ਕੇ.ਕੇ.ਆਰ. ਨੇ ਦਿੱਲੀ ਕੈਪੀਟਲਸ ਖ਼ਿਲਾਫ਼ 272 ਦੌੜਾਂ ਜੜ ਦਿੱਤੀਆਂ। ਇਸ ਤਰ੍ਹਾਂ ਜੋ ਰਿਕਾਰਡ 11 ਸਾਲ 'ਚ ਕਿਸੇ ਟੀਮ ਕੋਲੋਂ ਨਹੀਂ ਟੁੱਟਿਆ, ਉਹ ਇਕ ਹੀ ਸਾਲ 'ਚ 2 ਵਾਰ ਟੁੱਟ ਗਿਆ। 

ਜੇਕਰ ਗੱਲ ਕਰੀਏ ਧੋਨੀ ਦੀ ਤਾਂ ਮਹਾਨ ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਉਨ੍ਹਾਂ ਦੀ ਟੀਮ ਚੇਨਈ ਸੁਪਰ ਕਿੰਗਜ਼ ਦੀ ਇੰਨੀ ਵੱਡੀ ਫੈਨ ਫਾਲੋਇੰਗ ਦਾ ਬਹੁਤ ਵੱਡਾ ਕਾਰਨ ਧੋਨੀ ਖ਼ੁਦ ਹਨ। ਇਸ ਸਾਲ ਸ਼ਾਇਦ ਉਹ ਆਪਣਾ ਆਖ਼ਰੀ ਆਈ.ਪੀ.ਐੱਲ. ਖੇਡ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਹਰੇਕ ਮੈਚ 'ਚ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ। 

ਹੁਣ ਜਦੋਂ ਇਹ ਟੂਰਨਾਮੈਂਟ ਆਪਣੇ ਪੂਰੇ ਰੰਗ 'ਚ ਹੈ, ਤਾਂ ਬੀਤੇ ਦਿਨ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇਹ ਘਟਨਾ ਚੇਨਈ ਸੁਪਰਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੁਕਾਬਲੇ 'ਚ ਵਾਪਰੀ, ਜਦੋਂ ਚੇਨਈ ਦੇ ਬੱਲੇਬਾਜ਼ ਸ਼ਿਵਮ ਦੁਬੇ ਆਊਟ ਹੋ ਕੇ ਪੈਵੇਲੀਅਨ ਪਰਤ ਰਹੇ ਸਨ। 

ਇਹ ਪਲ ਇਸ ਲਈ ਵੀ ਖ਼ਾਸ ਹਨ, ਕਿਉਂਕਿ ਆਮ ਤੌਰ 'ਤੇ ਧੋਨੀ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦੇ ਹਨ, ਪਰ ਕੋਲਕਾਤਾ ਖ਼ਿਲਾਫ਼ ਖੇਡੇ ਗਏ ਮੈਚ 'ਚ ਉਹ 5ਵੇਂ ਨੰਬਰ 'ਤੇ ਹੀ ਆ ਗਏ, ਜਦੋਂ ਟੀਮ ਨੂੰ ਜਿੱਤ ਲਈ ਸਿਰਫ਼ 3 ਦੌੜਾਂ ਦੀ ਲੋੜ ਸੀ। ਉਸ ਨੂੰ ਕ੍ਰੀਜ਼ 'ਤੇ ਆਉਂਦਿਆਂ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। 

ਇਸ ਤੋਂ ਬਾਅਦ ਜਦੋਂ ਮਹਿੰਦਰ ਸਿੰਘ ਧੋਨੀ ਮੈਦਾਨ 'ਤੇ ਉਤਰੇ ਤਾਂ ਦਰਸ਼ਕਾਂ ਨੇ ਇੰਨੀ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਵੇਂ ਉਹ ਧੋਨੀ ਲਈ ਪਾਗਲ ਹੋ ਰਹੇ ਹੋਣ। ਧੋਨੀ ਦੀ ਐਂਟਰੀ ਸਮੇਂ ਸ਼ੋਰ ਇੰਨਾ ਜ਼ਿਆਦਾ ਸੀ ਕਿ ਸ਼ੋਰ ਮੀਟਰ 125 ਡੈਸੀਬਲ ਦਾ ਅੰਕੜਾ ਦਿਖਾ ਰਿਹਾ ਸੀ। 

ਇਹੀ ਨਹੀਂ, ਧੋਨੀ ਲਈ ਦਰਸ਼ਕਾਂ ਦੀ ਦੀਵਾਨਗੀ ਅਜਿਹੀ ਸੀ ਕਿ ਇੰਨਾ ਜ਼ਿਆਦਾ ਸ਼ੋਰ ਹੋਣ ਕਾਰਨ ਕੋਲਕਾਤਾ ਦੇ ਸਟਾਰ ਆਲ-ਰਾਊਂਡਰ ਆਂਦ੍ਰੇ ਰਸਲ ਨੂੰ ਆਪਣੇ ਕੰਨ ਬੰਦ ਕਰਨੇ ਪਏ ਸੀ। ਉਨ੍ਹਾਂ ਨੇ ਇਸ ਸ਼ੋਰ ਤੋਂ ਬਚਣ ਲਈ ਆਪਣੇ ਹੱਥਾਂ ਨਾਲ ਕੰਨ ਢਕ ਲਏ ਸਨ। ਰਸਲ ਦੇ ਕੰਨ ਬੰਦ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। 

ਸ਼ਿਵਮ ਦੁਬੇ ਦੇ ਆਊਟ ਹੋਣ ਤੋਂ ਬਾਅਦ ਜਡੇਜਾ ਦੀ ਵੀ ਸ਼ਰਾਰਤ ਭਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਖ਼ੁਦ ਬੱਲਾ ਲੈ ਕੇ ਮੈਦਾਨ 'ਤੇ ਉਤਰਨ ਦੀ ਨਕਲ ਕਰਦਾ ਦਿਖਾਈ ਦੇ ਰਿਹਾ ਹੈ, ਤੇ ਫਿਰ ਵਾਪਸ ਚਲਾ ਜਾਂਦਾ ਹੈ। 

ਜੇਕਰ ਮੈਚ ਦੀ ਗੱਲ ਕੀਤੀ ਜਾਵੇ ਤਾਂ ਕੋਲਕਾਤਾ ਨੇ ਚੇਨਈ ਨੂੰ 138 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਚੇਨਈ ਨੇ ਕਪਤਾਨ ਰੁਤੂਰਾਜ ਗਾਇਕਵਾੜ ਦੀ 67 ਦੌੜਾਂ ਦੀ ਪਾਰੀ ਅਤੇ ਸ਼ਿਵਮ ਦੁਬੇ ਦੀ 38 ਦੌੜਾਂ ਦੀ ਪਾਰੀ ਦੀ ਬਦੌਲਤ ਆਸਾਨੀ ਨਾਲ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਚੇਨਈ ਦੀ ਜਿੱਤ 'ਚ ਉਸ ਦੇ ਗੇਂਦਬਾਜ਼ਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ, ਜਿਨ੍ਹਾਂ ਨੇ ਲਗਾਤਾਰ ਵਿਕਟਾਂ ਝਟਕਾ ਕੇ ਕੋਲਕਾਤਾ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕ ਦਿੱਤਾ। 

 

ਇਹ ਵੀ ਪੜ੍ਹੋ- ਗੇਂਦਬਾਜ਼ਾਂ ਤੋਂ ਬਾਅਦ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ CSK ਨੇ KKR ਨੂੰ 7 ਵਿਕਟਾਂ ਨਾਲ ਹਰਾਇਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh