ਕਾਊਂਟੀ ਕ੍ਰਿਕਟ ਦਾ ਤਜਰਬਾ ਕੰਮ ਆਇਆ : ਪੁਜਾਰਾ

08/21/2018 8:14:06 PM

ਲੰਡਨ—ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਨਾਟਿੰਘਮ ਵਿਚ ਇੰਗਲੈਂਡ ਵਿਰੁੱਧ ਤੀਜੇ ਟੈਸਟ ਦੀ ਦੂਜੀ ਪਾਰੀ ਵਿਚ 72 ਦੌੜਾਂ ਦੀ ਆਪਣੀ ਸ਼ਾਨਦਾਰ ਪਾਰੀ ਦਾ ਸਿਹਰਾ ਕਾਊਂਟੀ ਕ੍ਰਿਕਟ ਨੂੰ ਦਿੱਤਾ ਹੈ। ਪੁਜਾਰਾ ਨੇ ਸੋਮਵਾਰ ਕਪਤਾਨ ਵਿਰਾਟ ਕੋਹਲੀ ਨਾਲ ਤੀਜੀ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਵਿਚ 72 ਦੌੜਾਂ ਦੀ ਪਾਰੀ ਖੇਡੀ ਸੀ ਤੇ ਟੀਮ ਇੰਡੀਆ ਨੂੰ ਮਜ਼ਬੂਤ ਸਕੋਰ ਵੱਲ ਲੈ ਕੇ ਗਿਆ।

ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਪੁਜਾਰਾ ਦਾ ਟੈਸਟ ਕ੍ਰਿਕਟ ਦੀਆਂ ਪਿਛਲੀਆਂ ਛੇ ਪਾਰੀਆਂ ਵਿਚ ਸਕੋਰ ਕ੍ਰਮਵਾਰ 4, 0, 19, 50, 1 ਤੇ 35 ਰਿਹਾ ਸੀ। ਖਰਾਬ ਫਾਰਮ 'ਚ ਚੱਲ ਰਹੇ ਪੁਜਾਰਾ ਨੂੰ ਪਹਿਲੇ ਐਜਬਸਟਨ ਟੈਸਟ ਲਈ ਆਖਰੀ-11 ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਕਾਊਂਟੀ ਕ੍ਰਿਕਟ ਵਿਚ ਯਾਰਕਸ਼ਾਇਰ ਟੀਮ ਲਈ ਖੇਡਦੇ ਹੋਏ ਪੁਜਾਰਾ ਨੇ ਆਪਣੀਆਂ ਚਾਰ ਪਾਰੀਆਂ ਵਿਚ 23,18, 0 ਤੇ 32 ਦਾ ਸਕੋਰ ਬਣਾਇਆ ਸੀ। ਲਾਰਡਸ ਟੈਸਟ ਦੀ ਪਹਿਲੀ ਪਾਰੀ ਵਿਚ ਮੰਦਭਾਗੇ ਤਰੀਕੇ ਨਾਲ ਇਕ ਦੌੜ 'ਤੇ ਆਊਟ ਹੋਣ ਅਤੇ ਦੂਜੀ ਪਾਰੀ ਵਿਚ 17 ਦੌੜਾਂ 'ਤੇ ਇਕ ਇਨ ਸਵਿੰਗ ਗੇਂਦ ਦਾ ਸ਼ਿਕਾਰ ਹੋਣ ਤੇ ਨਾਟਿੰਘਮ ਟੈਸਟ ਦੀ ਪਹਿਲੀ ਪਾਰੀ ਵਿਚ ਸਿਰਫ 14 ਦੌੜਾਂ ਬਣਾਉਣ ਤੋਂ ਬਾਅਦ ਪੁਜਾਰਾ ਨੇ ਉਹ ਪਾਰੀ ਖੇਡੀ, ਜਿਸ ਦੀ ਭਾਰਤੀ ਟੀਮ ਨੂੰ ਸਖਤ ਲੋੜ ਸੀ।  ਨਾਟਿੰਘਮ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ 'ਤੇ ਪੁਜਾਰਾ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਆਤਮ-ਵਿਸ਼ਵਾਸ ਵਿਚ ਰਿਹਾ ਹਾਂ। ਮੈਂ ਕਾਊਂਟੀ ਕ੍ਰਿਕਟ ਵਿਚ ਚੁਣੌਤੀਪੂਰਨ ਪਿੱਚਾਂ 'ਤੇ ਖੇਡ ਰਿਹਾ ਸੀ। ਮੈਨੂੰ ਹਮੇਸ਼ਾ ਲੱਗਾ ਕਿ ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਹਾਂ, ਖਾਸ ਤੌਰ 'ਤੇ ਅਭਿਆਸ ਦੌਰਾਨ। ਮੈਨੂੰ ਭਰੋਸਾ ਸੀ ਕਿ ਮੈਂ ਵੱਡੀ ਪਾਰੀ ਖੇਡ ਸਕਦਾ ਹਾਂ।'