ਕੋਰੋਨਾ ਕਾਰਨ IPL ਰੱਦ ਕਰਨ ਦੀ ਮੰਗ ਹੋਈ ਤੇਜ਼, ਮਦਰਾਸ ਹਾਈਕੋਰਟ ’ਚ ਦਾਖਲ ਹੋਈ ਪਟੀਸ਼ਨ

03/11/2020 12:23:32 PM

ਸਪੋਰਟਸ ਡੈਸਕ— ਮਦਰਾਸ ਹਾਈ ਕੋਰਟ 'ਚ ਦਰਜ ਇਕ ਪਟੀਸ਼ਨ 'ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ 29 ਮਾਰਚ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ ਮੈਚਾਂ ਨੂੰ ਆਯੋਜਿਤ ਨਾ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਪੀ. ਟੀ. ਆਈ. ਰਿਪੋਰਟ ਮੁਤਾਬਕ ਐਡਵੋਕੇਟ ਜੀ. ਐਲੇਕਸ ਬੇਂਜੀਗਰ ਵਲੋਂ ਦਾਇਰ ਇਹ ਪਟੀਸ਼ਨ ਜਸਟੀਸ ਐੱਮ. ਐੱਮ. ਸੁੰਦਰੇਸ਼ ਅਤੇ ਕ੍ਰਿਸ਼ਣਾ ਰਾਮਾਸਵਾਮੀ ਦੀ ਡਿਵਿਜ਼ਨ ਬੇਂਚ ਦੇ ਸਾਹਮਣੇ 12 ਮਾਰਚ ਨੂੰ ਸੁਣਵਾਈ ਲਈ ਆ ਸਕਦੀ ਹੈ।
ਪਟੀਸ਼ਨਕਰਤਾ ਨੇ ਕਿਹਾ, ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਮੁਤਾਬਕ ਹੁਣ ਤਕ COVID-19 ਨੂੰ ਰੋਕਣ ਜਾਂ ਇਲਾਜ ਲਈ ਕੋਈ ਦਵਾਈ ਨਹੀਂ ਹੈ। ਪਟੀਸ਼ਨਰ ਮੁਤਾਬਕ ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਕ ਗੰਭੀਰ ਮਹਾਮਾਰੀ ਦਾ ਸੰਕਟ ਪੈਦਾ ਕਰ ਰਿਹਾ ਹੈ।

ਪਟੀਸ਼ਨਕਰਤਾ ਨੇ ਕਿਹਾ, ਦੁਨੀਆ ਦੀ ਸਭ ਤੋਂ ਪੁਰਾਣੀ ਲੀਗਾਂ 'ਚੋਂ ਇਕ ਇਟਲੀ ਫੈਡਰੇਸ਼ਨ ਲੀਗ ਇਸ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ ਅਤੇ ਫੁੱਟਬਾਲ ਮੈਚ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡੇ ਜਾ ਰਹੇ ਹਨ ਅਤੇ ਇਟਲੀ ਦੀ ਸਰਕਾਰ ਨੇ 3 ਅਪ੍ਰੈਲ ਤੱਕ ਕਿਸੇ ਵੀ ਫੁੱਟਬਾਲ ਮੈਦਾਨ 'ਚ ਕਿਸੇ ਦਰਸ਼ਕ ਨੂੰ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਹੈ। ਪਟੀਸ਼ਨਕਰਤਾ ਮੁਤਾਬਕ ਉਸ ਨੇ ਪਹਿਲਾਂ ਇਸ ਨਾਲ ਸਬੰਧਤ ਵਿਭਾਗ ਨੂੰ ਆਈ. ਪੀ. ਐੱਲ. ਨਾ ਕਰਵਾਉਣ ਲਈ ਪੱਤਰ ਲਿਖਿਆ ਸੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਫਿਰ ਵਕੀਲ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।
ਆਈ. ਪੀ. ਐੱਲ 2020 ਦਾ ਆਯੋਜਨ 29 ਮਾਰਚ ਤੋਂ 24 ਮਈ ਤੱਕ ਹੋਣਾ ਹੈ, ਇਸ 'ਚ ਕੁਲ 8 ਟੀਮਾਂ ਹਿੱਸਾ ਲੈ ਰਹੀ ਹਨ। ਪਹਿਲਾ ਮੈਚ 29 ਮਾਰਚ ਨੂੰ ਪਿਛਲੇ ਜੇਤੂ ਮੁੰਬਈ ਇੰਡੀਅਨਜ਼ ਅਤੇ ਚੇਂਨਈ ਸੁਪਰ ਕਿੰਗਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਹੁਣ ਤੱਕ ਮੁੰਬਈ ਇੰਡੀਅਨਜ਼ ਦੀ ਟੀਮ ਨੇ ਸਭ ਤੋਂ ਜ਼ਿਆਦਾ ਚਾਰ ਵਾਰ ਆਈ. ਪੀ. ਐੱਲ ਦਾ ਖਿਤਾਬ ਜਿੱਤਿਆ ਹੈ।