ਏਸ਼ੇਜ਼ ਤੋਂ ਪਹਿਲਾਂ ਦੇ ਵਿਵਾਦ ਮੈਦਾਨ ''ਚ ਨਹੀਂ ਉਤਰਨੇ ਚਾਹੀਦੇ : ਕ੍ਰਿਸ ਵੋਕਸ

12/02/2021 7:20:19 PM

ਬ੍ਰਿਸਬੇਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਕਿਹਾ ਕਿ ਏਸ਼ੇਜ਼ ਤੋਂ ਪਹਿਲਾਂ ਇੰਗਲੈਂਡ ਦੇ ਆਸਟਰੇਲੀਆ ਦੀਆਂ ਟੀਮਾਂ ਨਾਲ ਜੁੜੇ ਨਸਲਵਾਦ ਤੇ ਅਸ਼ਲੀਲ ਮੈਸੇਜ ਭੇਜਣ ਸਬੰਧੀ ਵਿਵਾਦ ਨਿੱਜੀ ਮਾਮਲੇ ਹਨ ਤੇ ਇਨ੍ਹਾਂ ਨੂੰ ਸੀਰੀਜ਼ ਦੇ ਦੌਰਾਨ ਮੈਦਾਨੀ ਸਲੇਜਿੰਗ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਹੈ।

ਇੰਗਲੈਂਡ ਦੀ ਟੀਮ ਜਦੋਂ ਆਸਟਰੇਲੀਆ ਪਹੁੰਚੀ ਤਾਂ ਉਨ੍ਹਾਂ ਦੇ ਦੇਸ਼ 'ਚ ਨਸਲੀ ਵਿਤਕਰੇ ਦਾ ਮਾਮਲਾ ਗਰਮਾਇਆ ਹੋਇਆ ਸੀ। ਅਜ਼ੀਮ ਰਫ਼ੀਕ ਨੇ ਦੋਸ਼ ਲਾਏ ਸਨ ਕਿ ਯਾਰਕਸ਼ਰ ਵਲੋਂ ਖੇਡਦੇ ਹੋਏ ਉਹ ਨਸਲੀ ਵਿਤਕਰੇ ਦਾ ਸ਼ਿਕਾਰ ਬਣੇ ਸਨ। ਯਾਰਕਸ਼ਰ ਇੰਗਲੈਂਡ ਦੇ ਕਪਤਾਨ ਜੋ ਰੂਟ ਦੀ ਕਾਊਂਟੀ ਹੈ। ਆਸਟਰੇਲੀਆ ਦੇ ਵਿਕਟਕੀਪਰ ਟਿਮ ਪੇਨ ਨੇ ਅਸ਼ਲੀਲ ਸੰਦੇਸ਼ ਭੇਜਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਪਤਾਨ ਦਾ ਅਹੁਦਾ ਛੱਡ ਦਿੱਤਾ ਸੀ ਤੇ ਇਸ ਤੋਂ ਬਾਅਦ ਛੁੱਟੀਆਂ 'ਤੇ ਚਲੇ ਗਏ ਸਨ।

ਇੰਗਲੈਂਡ ਦੇ ਆਲਰਾਊਂਡਰ ਵੋਕਸ ਦਾ ਕਹਿਣਾ ਹੈ ਕਿ 8 ਦਸੰਬਰ ਤੋਂ ਬ੍ਰਿਸਬੇਨ ਦੇ ਗਾਬਾ 'ਚ ਸ਼ੁਰੂ ਹੋਣ ਵਾਲੀ ਏਸੇਜ਼ ਸੀਰੀਜ਼ ਦੇ ਦੌਰਾਨ ਇਹ ਦੋਵੇਂ ਮਸਲੇ ਸਲੇਜਿੰਗ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਦੋਵੇਂ ਟੀਮਾਂ ਦਰਮਿਆਨ ਜੋ ਹੋਇਆ, ਉਸ 'ਚ ਬਹੁਤ ਸਾਰੇ ਮਸਲੇ ਨਿੱਜੀ ਹਨ। ਕ੍ਰਿਕਟ ਉਦੋਂ ਸਭ ਤੋਂ ਚੰਗੀ ਤਰ੍ਹਾਂ ਖੇਡਿਆ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਜਾਂਦਾ ਹੈ ਤੇ ਸਿਰਫ਼ ਹੁਨਰ ਦੀ ਚਰਚਾ ਹੁੰਦੀ ਹੈ।' ਵੋਕਸ ਨੇ ਕਿਹਾ, 'ਮੈਦਾਨ 'ਤੇ ਜੋ ਕੁਝ ਵੀ ਹੁੰਦਾ ਹੈ ਉਹ ਉੱਥੇ ਤਕ ਹੀ ਸੀਮਿਤ ਰਹਿਣਾ ਚਾਹੀਦਾ ਹੈ ਤੇ ਏਸ਼ੇਜ਼ ਇਸ ਮੁਕਾਬਲੇਬਾਜ਼ੀ ਨੂੰ ਵਧਾਉਂਦੀ ਹੈ।

Tarsem Singh

This news is Content Editor Tarsem Singh